Vehicle collision in Ludhiana: ਲੁਧਿਆਣਾ ਵਿਚ 25 ਤੋਂ 30 ਵਾਹਨਾਂ ਦੀ ਟੱਕਰ; ਵਾਲ-ਵਾਲ ਬਚੇ 40 ਸਕੂਲੀ ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੜਕ ਉਤੇ ਸਵੇਰ ਤੋਂ ਹੀ ਕਾਫੀ ਧੁੰਦ ਛਾਈ ਹੋਈ ਸੀ

25 to 30 vehicle collision in Ludhiana

Vehicle collision in Ludhiana:  ਸ਼ਨਿਚਰਵਾਰ ਸਵੇਰੇ ਸੰਘਣੀ ਧੁੰਦ ਕਾਰਨ ਲੁਧਿਆਣਾ ਦੇ ਖੰਨਾ 'ਚ ਨੈਸ਼ਨਲ ਹਾਈਵੇ 'ਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ 25 ਤੋਂ 30 ਵਾਹਨ ਆਪਸ 'ਚ ਟਕਰਾ ਗਏ। ਹਾਦਸੇ ਤੋਂ ਬਾਅਦ ਲੋਕਾਂ ਨੇ ਨੈਸ਼ਨਲ ਹਾਈਵੇਅ ਦੇ ਵਿਚਕਾਰ ਖੜ੍ਹੇ ਹੋ ਕੇ ਰੌਲਾ ਪਾਇਆ ਅਤੇ ਹੋਰ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ।

ਦਰਅਸਲ ਸੜਕ ਉਤੇ ਸਵੇਰ ਤੋਂ ਹੀ ਕਾਫੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਇਸੇ ਦੌਰਾਨ ਲੁਧਿਆਣਾ ਤੋਂ ਅੰਬਾਲਾ ਨੂੰ ਜਾਂਦੇ ਸਮੇਂ ਪਿੰਡ ਦਹੇੜੂ ਨੇੜੇ ਲੁਧਿਆਣਾ ਦੀ ਇਕ ਸਕੂਲੀ ਬੱਸ ਪਹਿਲਾਂ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ, ਜੋ ਸ਼ੀਸ਼ੇ ਨਾਲ ਲੱਦਿਆ ਹੋਇਆ ਸੀ। ਇਸ ਤੋਂ ਬਾਅਦ ਪਿੱਛੇ ਆ ਰਹੇ ਵਾਹਨ ਇਨ੍ਹਾਂ ਵਾਹਨਾਂ ਨਾਲ ਟਕਰਾਉਂਦੇ ਰਹੇ। ਕੁੱਲ 25 ਤੋਂ 30 ਵਾਹਨ ਆਪਸ ਵਿਚ ਟਕਰਾ ਗਏ।

ਦਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਸਕੂਲੀ ਬੱਚੇ ਕੁਰੂਕਸ਼ੇਤਰ ਟੂਰ 'ਤੇ ਜਾ ਰਹੇ ਸਨ। ਬੱਸ ਵਿਚ 40 ਤੋਂ 50 ਬੱਚੇ ਸਵਾਰ ਸਨ, ਹਾਲਾਂਕਿ ਸਾਰੇ ਬੱਚੇ ਸੁਰੱਖਿਅਤ ਹਨ। ਜਿਸ ਵਾਹਨ ਨਾਲ ਸਕੂਲ ਬੱਸ ਦੀ ਟੱਕਰ ਹੋਈ ਉਹ ਸ਼ੀਸ਼ੇ ਨਾਲ ਲੱਦਿਆ ਹੋਇਆ ਸੀ। ਟੱਕਰ ਤੋਂ ਬਾਅਦ ਸਾਰਾ ਸ਼ੀਸ਼ਾ ਚਕਨਾਚੂਰ ਹੋ ਗਿਆ। ਮਾਲਕ ਅਨੁਸਾਰ ਸ਼ੀਸ਼ੇ ਦੀ ਕੀਮਤ 3 ਤੋਂ 4 ਲੱਖ ਰੁਪਏ ਸੀ। ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵਾਹਨਾਂ ਨੂੰ ਇਕ ਪਾਸੇ ਲਿਜਾ ਕੇ ਆਵਾਜਾਈ ਚਾਲੂ ਕਰਵਾ ਦਿਤੀ ਹੈ।