Moga News: ਡੇਅਰੀ ਵਿਕਾਸ ਵਿਭਾਗ ਮੋਗਾ ਵੱਲੋਂ ਪਿੰਡ ਦੀਦਾਰੇਵਾਲਾ ਵਿਖੇ ਲਗਾਇਆ ਗਿਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਏਜੰਸੀ

ਖ਼ਬਰਾਂ, ਪੰਜਾਬ

Moga News: ਦੁੱਧ ਉਤਪਾਦਕ ਜਾਗਰੂਕਤਾ ਕੈਂਪ ਦੌਰਾਨ ਅਲੱਗ-ਅਲੱਗ ਵਿਸ਼ੇ ਮਾਹਿਰਾਂ ਨੇ ਆਪਣੀ ਵਡਮੁੱਲੀ ਜਾਣਕਾਰੀ ਦਿੱਤੀ

Milk producer awareness camp organized by Dairy Development Department Moga at Didarewala village

 

Moga News: ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਨੌਜਵਾਨਾਂ ਨੂੰ ਸਵੈ-ਰੋਜ਼ਗਾਰ, ਖੇਤੀਬਾੜੀ ਵਿੱਚ ਵਿਭਿੰਨਤਾ ਅਤੇ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਤਖਤੂਪੁਰਾ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਇੱਕ ਵਿਸ਼ੇਸ਼ ਉਪਰਾਲੇ ਤਹਿਤ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਮੋਗਾ ਵੱਲੋਂ ਕਾਮਯਾਬ ਡੇਅਰੀ ਫਾਰਮਿੰਗ ਦੇ ਮੂਲ-ਮੰਤਰ ਅਤੇ ਡੇਅਰੀ ਕਿੱਤੇ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ।

ਦੁੱਧ ਉਤਪਾਦਕ ਜਾਗਰੂਕਤਾ ਕੈਂਪ ਦੌਰਾਨ ਅਲੱਗ-ਅਲੱਗ ਵਿਸ਼ੇ ਮਾਹਿਰਾਂ ਨੇ ਆਪਣੀ ਵਡਮੁੱਲੀ ਜਾਣਕਾਰੀ ਦਿੱਤੀ ਜਿਸ ਵਿੱਚ ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨੇ ਸਾਫ ਦੁੱਧ ਦੀ ਮਹੱਤਤਾ ਅਤੇ ਰਿਟ. ਕੋ.ਅ. ਇੰਸਪੈਕਟਰ ਜਗਪਾਲ ਸਿੰਘ ਬਰਾੜ ਨੇ ਕੋਆਪਰੇਟਿਵ ਅਦਾਰੇ ਅਤੇ ਦੁੱਧ ਦੇ ਮੰਡੀਕਰਨ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।

ਵਿਭਾਗੀ ਟੀਮ ਜਿਸ ਵਿੱਚ ਦੇਵ ਸਿਮਰਨ ਕੌਰ ਡੇਅਰੀ ਵਿਕਾਸ ਇੰਸਪੈਕਟਰ ਨੇ ਦੁੱਧ ਦੀ ਗੁਣਵੱਤਾ ਅਤੇ ਦੁੱਧ ਤੋਂ ਬਣਦੇ ਪਦਾਰਥਾਂ ਬਾਰੇ ਅਤੇ ਨਵਦੀਪ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਨੇ ਰਾਸ਼ਟਰੀ ਪਸ਼ੂ ਧੰਨ ਮਿਸ਼ਨ ਅਧੀਨ 50 ਫੀਸਦੀ ਜਨਰਲ ਅਤੇ  70 ਫੀਸਦੀ ਅਨੁਸੂਚਿਤ ਸਬਸਿਡੀ ’ਤੇ ਚੱਲ ਰਹੀ ਪਸ਼ੂਆਂ ਦੇ ਬੀਮੇ ਦੀ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।