ਤਰਨ ਤਾਰਨ ’ਚ 2 ਡੀ ਐਸ ਪੀ ਸਸਪੈਂਡ
ਡੀ ਐਸ ਪੀ ਹਰਿੰਦਰ ਸਿੰਘ ਅਤੇ ਡੀ ਐਸ ਪੀ ਗੁਲਜਾਰ ਸਿੰਘ ਨੂੰ ਕੀਤਾ ਗਿਆ ਸਸਪੈਂਡ
ਤਰਨ ਤਾਰਨ: ਪੰਜਾਬ ਪੁਲਿਸ ਦੇ 2 ਡੀ ਐਸ ਪੀ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ ਜ਼ਿਮਣੀ ਚੋਣ ਸਮੇਂ ਸਿਆਸੀ ਆਗੂਆਂ ਤੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਮੁਕੱਦਮੇ ਦਰਜ ਕੀਤੇ ਗਏ ਸਨ, ਜਿਸ ਤਹਿਤ ਤਰਨ ਤਾਰਨ ਦੇ ਪੁਲਿਸ ਅਧਿਕਾਰੀਆਂ ’ਤੇ ਲਗਾਤਾਰ ਕਾਰਵਾਈ ਹੋ ਰਹੀ ਹੈ। ਸਭ ਤੋਂ ਪਹਿਲਾਂ ਤਰਨ ਤਾਰਨ ਦੀ ਐਸ ਐਸ ਪੀ ਰਵਜੋਤ ਕੌਰ ਗਰੇਵਾਲ ਨੂੰ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਸਪੈਂਡ ਕੀਤਾ ਗਿਆ ਅਤੇ ਹੁਣ ਤਰਨ ਤਾਰਨ ਵਿੱਚ ਤਾਇਨਾਤ 2 ਡੀ ਐਸ ਪੀ, ਜਿਨ੍ਹਾਂ ਵਿੱਚ ਡੀ ਐਸ ਪੀ ਹਰਿੰਦਰ ਸਿੰਘ ਅਤੇ ਡੀ ਐਸ ਪੀ ਗੁਲਜਾਰ ਸਿੰਘ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਦਾਖ਼ਲ ਕੀਤੀਆਂ ਪਟੀਸ਼ਨਾਂ ਵਿੱਚ ਲਾਪਰਵਾਹੀ ਵਰਤਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ 2 ਡੀ ਐਸ ਪੀ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਹੋਏ ਹਨ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਲੜਕੀ ਕੰਚਨ ਪ੍ਰੀਤ ਕੌਰ ਰੰਧਾਵਾ, ਆਈ ਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ, ਪ੍ਰਧਾਨ ਗੁਰਸੇਵਕ ਸਿੰਘ ਸ਼ੇਖ, ਕੌਂਸਲਰ ਸ਼ਾਮ ਸਿੰਘ, ਸਰਪੰਚ ਸੋਨੂ ਦੋਦੇ, ਅਜਮੇਰ ਸਿੰਘ ਛਾਪਾ, ਬਲਵਿੰਦਰ ਸਿੰਘ ਭੁੱਚਰ ਤੋਂ ਇਲਾਵਾ ਕਰੀਬ 30 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੇ ਪਾਰਟੀ ਦੇ ਬੁਲਾਰੇ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਸਥਾਨਕ ਪੁਲਿਸ ਖਿਲਾਫ਼ ਕਾਰਵਾਈ ਲਈ ਪਟੀਸ਼ਨਾਂ ਪਾਈਆਂ ਸਨ।