ਜਲੰਧਰ 'ਚ 13 ਸਾਲ ਦੀ ਬੱਚੀ ਦੇ ਕਤਲ ਦਾ ਮਾਮਲਾ
ਅਦਾਲਤ ਨੇ ਮੁਲਜ਼ਮ ਨੂੰ 9 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਜਲੰਧਰ: ਜਲੰਧਰ ਵਿੱਚ 13 ਸਾਲ ਦੀ ਬੱਚੀ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਮੁਲਜ਼ਮ ਨੂੰ 9 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਹਰਮਿੰਦਰ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੁਲਿਸ ਨੂੰ 13 ਸਾਲ ਦੀ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਅਤੇ ਉਸ ਨੂੰ ਲੱਭਣ ਲਈ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੂੰ ਲੜਕੀ ਦੀ ਲਾਸ਼ ਗੁਆਂਢ ਦੇ ਇੱਕ ਘਰ ਵਿੱਚੋਂ ਮਿਲੀ, ਜਿੱਥੇ ਸੀਸੀਟੀਵੀ ਫੁਟੇਜ ਵਿੱਚ ਲੜਕੀ ਨੂੰ ਘਰ ਵਿੱਚ ਦਾਖਲ ਹੁੰਦੇ ਦੇਖਿਆ ਗਿਆ। ਇਸ ਤੋਂ ਬਾਅਦ, ਪੁਲਿਸ ਨੇ ਹਰਮਿੰਦਰ ਸਿੰਘ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ। ਜਾਂਚ ਵਿੱਚ ਸਾਹਮਣੇ ਆਇਆ ਕਿ ਲੜਕੀ ਮੁਲਜ਼ਮ ਦੀ ਧੀ ਦੀ ਸਹੇਲੀ ਸੀ ਅਤੇ ਉਨ੍ਹਾਂ ਦੇ ਘਰ ਅਕਸਰ ਆਉਂਦੀ ਰਹਿੰਦੀ ਸੀ। ਉਹ ਪਿਛਲੇ ਦਿਨ ਵੀ ਆਪਣੀ ਦੋਸਤ ਦੇ ਘਰ ਗਈ ਸੀ, ਪਰ ਉਸ ਦੀ ਸਹੇਲੀ ਅਤੇ ਉਸ ਦੀ ਮਾਂ ਘਰ ਵਿੱਚ ਮੌਜੂਦ ਨਹੀਂ ਸਨ ਅਤੇ ਹਰਮਿੰਦਰ ਸਿੰਘ ਘਰ ਵਿੱਚ ਇਕੱਲਾ ਸੀ। ਉਸੇ ਰਾਤ ਬਾਅਦ ਵਿੱਚ, ਲੜਕੀ ਦੀ ਲਾਸ਼ ਉਸ ਦੇ ਬਾਥਰੂਮ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਿਲੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ 9 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।