ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ 'ਤੇ ਗਿਆਨੀ ਰਘੁਬੀਰ ਸਿੰਘ ਨੇ ਸਾਰੀ ਮਨੁੱਖਤਾ ਨੂੰ ਕੀਤੀ ਅਰਦਾਸ
ਦੁਨੀਆ ਭਰ ‘ਚ ਸ਼ਰਧਾ ਤੇ ਨਿਮਰਤਾ ਨਾਲ ਮਨਾਇਆ ਜਾ ਰਿਹਾ ਪਵਿੱਤਰ ਦਿਹਾੜਾ
ਅੰਮ੍ਰਿਤਸਰ: ਅੱਜ ਵਿਸ਼ਵ ਪੱਧਰ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਨੂੰ ਬੜੀ ਸ਼ਰਧਾ ਨਾਲ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਗਿਆਨੀ ਰਘੁਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦਿਹਾੜਾ ਸਾਰੀ ਮਨੁੱਖਤਾ ਲਈ ਪਵਿੱਤਰਤਾ ਅਤੇ ਤਿਆਗ ਦਾ ਪ੍ਰਤੀਕ ਹੈ। ਨੌਵੇਂ ਪਾਤਸ਼ਾਹ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ—ਜੋ ਕਿ ਮਨੁੱਖਤਾ ਦੀ ਆਜ਼ਾਦੀ ਲਈ ਸਭ ਤੋਂ ਵੱਡੀ ਕੁਰਬਾਨੀ ਹੈ। ਉਹਨਾਂ ਯਾਦ ਕਰਵਾਇਆ ਕਿ ਸਤਿਗੁਰੂ ਤੋਂ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਵੀ ਅਦੁੱਤੀ ਕੁਰਬਾਨੀਆਂ ਦਿੱਤੀਆਂ।
ਗਿਆਨੀ ਜੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਦੁਪਹਿਰ 12 ਵਜੇ, ਜਦੋਂ ਸਤਿਗੁਰੂ ਨੇ ਆਪਣੀ ਸ਼ਹਾਦਤ ਬਖ਼ਸ਼ੀ ਸੀ, ਉਸ ਸਮੇਂ ਹਰ ਕੋਈ ਜਿੱਥੇ ਵੀ ਹੋਵੇ—ਘਰ, ਕੰਮ, ਸਫ਼ਰ ਜਾਂ ਕਿਸੇ ਵੀ ਥਾਂ—ਘੱਟੋ-ਘੱਟ ਇੱਕ ਜਪੁਜੀ ਸਾਹਿਬ ਦਾ ਪਾਠ ਜ਼ਰੂਰ ਕਰੇ। ਉਹਨਾਂ ਦੱਸਿਆ ਕਿ ਸਤਿਗੁਰੂ ਨੇ ਸ਼ਹਾਦਤ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਕੀਤਾ ਸੀ, ਇਸ ਲਈ ਇਸ ਪਵਿੱਤਰ ਦਿਹਾੜੇ ‘ਤੇ ਇਹ ਸਭ ਤੋਂ ਵੱਡੀ ਸੇਵਾ ਹੈ।
ਇਸ ਦੌਰਾਨ ਉਹਨਾਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਤਲਵੰਡੀ ਸਾਬੋ ਅਤੇ ਅਨੰਦਪੁਰ ਸਾਹਿਬ ਨੂੰ “ਪਵਿੱਤਰ ਸ਼ਹਿਰ” ਦਾ ਦਰਜਾ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸਿੱਖ ਪੰਥ ਦਹਾਕਿਆਂ ਤੋਂ ਇਹ ਮੰਗ ਕਰ ਰਿਹਾ ਸੀ ਕਿਉਂਕਿ ਇਹ ਸ਼ਹਿਰ ਸਿੱਖ ਇਤਿਹਾਸ ਅਤੇ ਆਸਥਾ ਦੇ ਕੇਂਦਰ ਹਨ। ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਦੇ ਨੇੜੇ ਤੰਬਾਕੂ, ਮਾਸ ਅਤੇ ਸ਼ਰਾਬ ਵਰਗੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਸਰਕਾਰ ਦਾ ਇਹ ਕਦਮ ਸਿੱਖ ਭਾਵਨਾਵਾਂ ਦਾ ਸਤਿਕਾਰ ਹੈ।
ਉਹਨਾਂ ਕਿਹਾ ਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਵੀ ਹਰਿਮੰਦਰ ਸਾਹਿਬ ਅਤੇ ਰਾਮਦਾਸਪੁਰ ਦੀ ਮਹਿਮਾ ਦਰਸਾਉਂਦੀ ਵਾਣੀ ਵਿਚ ਇਨ੍ਹਾਂ ਸ਼ਹਿਰਾਂ ਦੀ ਪਵਿੱਤਰਤਾ ਦਾ ਜ਼ਿਕਰ ਕੀਤਾ ਹੈ, ਇਸ ਲਈ ਇਨ੍ਹਾਂ ਦੀ ਮਰਿਆਦਾ ਬਣਾਈ ਰੱਖਣਾ ਸਭ ਦਾ ਫ਼ਰਜ਼ ਹੈ।
ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜੋ ਸੰਗਤ ਵੱਲੋਂ ਮੰਗ ਉੱਠ ਰਹੀ ਹੈ, ਉਸ ‘ਤੇ ਵੀ ਉਹਨਾਂ ਕਿਹਾ ਕਿ ਇਹ “ਖ਼ਾਲਸੇ ਦੀ ਰਾਜਧਾਨੀ” ਹੈ। ਜੇ ਸਰਕਾਰ ਇਸ ਮੰਗ ਨੂੰ ਵੀ ਮੰਨ ਲਵੇ ਤਾਂ ਇਹ ਖੇਤਰ ਦੀ ਤਰੱਕੀ ਲਈ ਮਹੱਤਵਪੂਰਣ ਹੋਵੇਗਾ। ਉਹਨਾਂ ਜ਼ੋਰ ਦਿੱਤਾ ਕਿ ਜਿੱਥੇ ਖਾਲਸਾ ਪੰਥ ਦੀ ਪ੍ਰਗਟਾਉ ਹੋਈ—ਉਹ ਧਰਤੀ ਹਰ ਤਰ੍ਹਾਂ ਸਤਿਕਾਰ ਅਤੇ ਤਰੱਕੀ ਦੀ ਹੱਕਦਾਰ ਹੈ।