ਅਤਿ-ਆਧੁਨਿਕ 360 ਡਿਗਰੀ ਪ੍ਰੋਜੈਕਸ਼ਨ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਵਿਰਾਸਤ ਨੂੰ ਸ਼ਰਧਾਂਜਲੀ ਭੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਰਟਫ਼ੋਨ ਰਾਹੀਂ ਕਿਊਆਰ ਕੋਡ ਸਕੈਨ ਕਰਕੇ ਸੰਗਤ ਇਹਨਾਂ ਇਤਿਹਾਸਕ ਘਟਨਾਵਾਂ ਦਾ ਕਰ ਸਕਦੀ ਹੈ ਅਨੁਭਵ

Tribute to the great legacy of Sri Guru Tegh Bahadur Ji through state-of-the-art 360 degree projection

ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਲਈ ਤਕਨਾਲੋਜੀ ਅਤੇ ਪਰੰਪਰਾ ਦੇ ਵਿਲੱਖਣ ਸੁਮੇਲ ਨਾਲ ਇੱਕ ਨਵੀਨਤਾਕਾਰੀ ਮਿਕਸਡ ਰਿਐਲਿਟੀ ਅਨੁਭਵ ਤਿਆਰ ਕੀਤਾ ਗਿਆ ਹੈ। ਇਹ ਪਹਿਲਕਦਮੀ ਤਕਨਾਲੋਜੀ ਅਤੇ ਪਰੰਪਰਾ ਦੇ ਸੁਮੇਲ ਨੂੰ ਦਰਸਾਉਂਦਾ ਹੈ ਜੋ ਨੌਵੇਂ ਗੁਰੂ ਸਾਹਿਬ ਦੇ ਸਾਹਸ ਅਤੇ ਅਧਿਆਤਮਿਕ ਅਗਵਾਈ ਨੂੰ ਸਨਮਾਨ ਦੇਣ ਦੇ ਨਾਲ ਨਾਲ ਸੰਗਤ ਨੂੰ ਡਿਜੀਟਲ ਢੰਗ ਨਾਲ ਪ੍ਰਭਾਵਸ਼ਾਲੀ ਬਿਰਤਾਂਤ ਨਾਲ ਜੋੜਦਾ ਹੈ।

ਇਸ 360 ਡਿਗਰੀ ਮਿਕਸਡ ਰਿਐਲਿਟੀ ਦਾ ਅਨੁਭਵ ਯਾਦਗਾਰੀ ਸਮਾਗਮਾਂ ਦੇ ਸਬੰਧ ਵਿੱਚ ਲਗਾਈਆਂ ਸਟੈਂਡੀਆਂ 'ਤੇ ਦਰਸਾਏ ਕਿਊਆਰ ਕੋਡ ਨੂੰ ਸਮਾਰਟਫੋਨ ਰਾਹੀਂ ਸਕੈਨ ਕਰਕੇ ਲਿਆ ਜਾ ਸਕਦਾ ਹੈ, ਜੋ ਸੰਗਤ ਨੂੰ ਇੱਕ ਵਿਲੱਖਣ ਬਿਰਤਾਂਤ ਨਾਲ ਜੋੜ ਦਿੰਦਾ ਹੈ ਜਿਸ ਨਾਲ ਉਹ ਸ਼ਰਧਾ ਦੇ ਨਾਲ ਨਾਲ ਭਵਿੱਖਮੁਖੀ ਤਕਨੀਕ ਦਾ ਅਨੁਭਵ ਕਰਦੇ ਹਨ।

ਇਸ ਪਹਿਲਕਦਮੀ ਦਾ ਮੁੱਖ ਕੇਂਦਰ, ਜਿਸ ਦਾ ਸਿਰਲੇਖ "ਹਿੰਦ ਦੀ ਚਾਦਰ" ਹੈ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪਵਿੱਤਰ ਯਾਤਰਾ ਦੇ 11 ਪਲਾਂ ਨੂੰ ਜੀਵੰਤ ਕਰਦਾ ਹੈ। ਇਸ ਪੇਸ਼ਕਾਰੀ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਗੁਰਗੱਦੀ ਸੰਭਾਲਣ, ਧਾਰਮਿਕ ਆਜ਼ਾਦੀ ਲਈ ਡੱਟ ਕੇ ਖੜ੍ਹਨ, ਚਾਂਦਨੀ ਚੌਕ ਵਿਖੇ ਸ਼ਹਾਦਤ ਅਤੇ ਰਕਾਬ ਗੰਜ ਸਾਹਿਬ ਵਿਖੇ ਗੁਪਤ ਰੂਪ ਵਿੱਚ ਸਸਕਾਰ ਸਮੇਤ ਮਹੱਤਵਪੂਰਨ ਘਟਨਾਵਾਂ ਦਾ ਵਿਲੱਖਣ ਅਨੁਭਵ ਪ੍ਰਦਾਨ ਕਰਦਾ ਹੈ। ਗੁਰੂ ਸਾਹਿਬ ਦੇ ਜੀਵਨ ਦੇ ਹਰੇਕ ਪਲ ਨੂੰ ਸ਼ਾਨਦਾਰ ਵਿਜੀਉਲ ਅਤੇ ਪ੍ਰਮਾਣਿਕ ਬਿਰਤਾਂਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹਵਾਲੇ ਦਿੱਤੇ ਗਏ ਹਨ ਅਤੇ ਇਤਿਹਾਸਕ ਬਿਰਤਾਂਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਇਸ ਵਿੱਚ ਮਨਮੋਹਕ ਲਾਈਟ ਐਂਡ ਸ਼ੈਡੋ ਸ਼ੋਅ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਸ਼ਾਮਲ ਹੈ ਜੋ ਰੂਹਾਨੀ ਮਾਹੌਲ ਪੈਦਾ ਕਰਦਾ ਹੈ।

ਗੁਰੂ ਸਾਹਿਬ ਦੀ ਸ਼ਾਨਦਾਰ ਵਿਰਾਸਤ ਨੂੰ ਨਵੀਨਤਾਕਾਰੀ ਢੰਗ ਨਾਲ ਸ਼ਰਧਾਂਜਲੀ ਭੇਟ ਕਰਨ ਲਈ ਇਸ ਮਿਕਸਡ ਰਿਐਲਿਟੀ ਅਨੁਭਵ ਨੂੰ ਫਲੈਮ ਦੇ ਸਮਰਥਨ ਨਾਲ ਤਿਆਰ ਕੀਤਾ ਗਿਆ ਹੈ।