ਕਾਂਗਰਸੀ ਹੀ ਦੱਸ ਰਹੇ ਨੇ ਸਰਕਾਰ ਦੀਆਂ ਨਕਾਮੀਆਂ : ਸੁਖਬੀਰ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ 'ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਦੋਸ਼

file poto

ਲੁਧਿਆਣਾ : ਮੌਜੂਦਾ ਸਰਕਾਰ ਨੂੰ ਕਈ ਮਸਲਿਆਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਖ਼ਾਸ ਕਰ ਕੇ ਖਜ਼ਾਨੇ ਦੀ ਮਾੜੀ ਹਾਲਤ ਕਾਰਨ ਤਾਂ ਸਰਕਾਰ ਅੰਦਰੋਂ-ਬਾਹਰੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮਜ਼ੋਰ ਵਿੱਤੀ ਹਾਲਤ ਦਾ ਸਰਕਾਰ ਦੇ ਕਈ ਪਾਜੈਕਟਾਂ 'ਤੇ ਅਸਰ ਵਿਖਾਈ ਦੇ ਰਿਹਾ ਹੈ। ਤਿੰਨ ਸਾਲ ਦਾ ਅਰਸਾ ਬੀਤਣ ਦੇ ਬਾਵਜੂਦ ਵੀ ਸਰਕਾਰ ਦੀਆਂ ਔਕੜਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ। ਜਿੱਥੇ ਵਿਰੋਧੀ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਉਥੇ ਸਰਕਾਰ ਇਸ ਔਕੜ ਲਈ 10 ਸਾਲ ਸੱਤਾ 'ਚ ਰਹਿਣ ਵਾਲੇ ਅਕਾਲੀ-ਭਾਜਪਾ ਗਠਜੋੜ ਨੂੰ ਜ਼ਿੰਮੇਵਾਰ ਠਹਿਰਾਅ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜ਼ਿਆਦਾ ਕੁੱਝ ਦੱਸਣ ਦੀ ਲੋੜ ਨਹੀਂ ਹੈ। ਲੁਧਿਆਣਾ ਨੇੜੇ ਇਕ ਭਾਈਚਾਰਕ ਸਮਾਗਮ 'ਚ ਸ਼ਿਰਕਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤਾਂ ਕਾਂਗਰਸ ਪਾਰਟੀ ਦੇ ਵਿਧਾਇਕ, ਸੰਸਦ ਮੈਂਬਰ ਤੇ ਮੰਤਰੀ ਹੀ ਸਰਕਾਰ ਦੀਆਂ ਨਿਕਾਮੀਆਂ ਨੂੰ ਗਿਣਾਉਣ ਲੱਗ ਪਏ ਹਨ।

ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਕੈਪਟਨ ਨੇ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਸੱਤਾ ਹਾਸਿਲ ਕੀਤੀ ਸੀ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਪੰਜਾਬ ਅੰਦਰ ਚੱਲ ਰਹੇ ਵਿਕਾਸ ਦੇ ਪਹੀਏ ਨੂੰ ਰੋਕ ਦਿਤਾ ਸੀ ਜੋ ਅਜੇ ਤਕ ਰਕਿਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ।

ਟਕਸਾਲੀ ਅਕਾਲੀ ਆਗੂਆਂ ਬਾਰੇ ਉਨ੍ਹਾਂ ਕਿਹਾ ਕਿ ਜਿਹੜੇ ਆਗੂ ਆਪਣੀ ਪਾਰਟੀ ਦੇ ਨਹੀਂ ਬਣ ਸਕੇ, ਉਹ ਪੰਜਾਬ ਦੇ ਕਿਵੇਂ ਹੋ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ,  ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ
ਭੱਠਲ, ਹਰਮੇਲ ਸਿੰਘ ਟੌਹੜਾ, ਜਗਤਾਰ ਸਿੰਘ ਰਾਜੋਆਣਾ, ਰਾਜ ਕਮਲ ਸਿੰਘ ਗਿੱਲ ਆਦਿ ਹਾਜ਼ਰ ਸਨ।