ਬਠਿੰਡਾ 'ਚ ਬੀਜੇਪੀ ਸਮਾਗਮ 'ਚ ਖੜਕੀ ਡਾਂਗ, ਕਿਸਾਨਾਂ ਨੇ ਪ੍ਰੋਗਰਾਮ ਦਾ ਕੀਤਾ ਬਾਈਕਾਟ 

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਹੱਥਾਂ ਵਿਚ ਕਿਸਾਨ ਜਥੇਬੰਦੀਆਂ ਦੇ ਝੰਡੇ ਫੜੇ ਹੋਏ ਸਨ ਤੇ ਕਿਸਾਨਾਂ ਨੇ ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ

File Photo

ਬਠਿੰਡਾ: ਦੇਸ਼ ਦੇ ਅੰਨਦਾਤਾ ਦਾ ਗੁੱਸਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕਿਸਾਨ ਕਈ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਕੇਂਦਰ ਵੱਲੋਂ ਲਾਗੂ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਕਰ ਰਹੇ ਹਨ। ਹੁਣ ਤੱਕ ਕਿਸਾਨਾਂ ਤੇ ਸਰਕਾਰ ਦਰਮਿਆਨ ਕਈ ਦੌਰ ਦੀ ਗੱਲਬਾਤ ਹੋਈ ਜੋ ਬੇਸਿੱਟਾ ਰਹੀ। ਅੱਜ ਪ੍ਰਧਾਨ ਮੰਤਰੀ ਵੱਲੋਂ ਕਿਸਾਨ ਸੰਮਾਨ ਨਿਧੀ ਸਮਾਗਮ ਦੇ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੇ ਖਾਤਿਆਂ ਵਿਚ ਜੋ ਰਾਸ਼ੀ ਦਿੱਤੀ ਜਾਣੀ ਸੀ, ਉਸ ਦਾ ਸਮਾਗਮ ਬੀਜੇਪੀ ਵੱਲੋਂ ਬਠਿੰਡਾ ਵਿਚ ਕਰਵਾਇਆ ਜਾ ਰਿਹਾ ਸੀ। ਇਸ ਲਈ ਖਾਸ LCD's ਵੀ ਲਾਈਆਂ ਗਈਆਂ ਸਨ ਤੇ ਖਾਸ ਤੌਰ 'ਤੇ ਸਟੇਜ ਸਜਾਈ ਗਈ।

ਭਾਜਪਾ ਦੇ ਇਸ ਪ੍ਰੋਗਰਾਮ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਵੱਡੀ ਮਾਤਰਾ ਵਿਚ ਕਿਸਾਨ ਇਕੱਤਰ ਹੋ ਗਏ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣਾ ਚਾਹਿਆ ਪਰ ਮਾਹੌਲ ਵਿਗੜ ਗਿਆ। ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤੇ ਜਾਣ 'ਤੇ ਕਿਸਾਨਾਂ ਨੇ ਪ੍ਰੋਗਰਾਮ ਦਾ ਬਾਈਕਾਟ ਕਰਦਿਆਂ ਕੁਰਸੀਆਂ ਤੇ ਹੋਰ ਸਾਮਾਨ ਦੀ ਭੰਨਤੋੜ ਕੀਤੀ। ਇਸ ਮੌਕੇ ਕਿਸਾਨਾਂ ਦੇ ਹੱਥਾਂ ਵਿਚ ਕਿਸਾਨ ਜਥੇਬੰਦੀਆਂ ਦੇ ਝੰਡੇ ਫੜੇ ਹੋਏ ਸਨ ਤੇ ਕਿਸਾਨਾਂ ਨੇ ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ। ਦੱਸ ਦਈਏ ਕਿ ਜਦੋਂ ਇਹ ਸਭ ਹੋਇਆ ਮੌਕੇ 'ਤੇ ਭਾਰੀ ਪੁਲਿਸ ਬਲ ਵੀ ਤੈਨਾਤ ਸੀ।

ਇਸ ਦੇ ਨਾਲ ਹੀ ਇੱਥੇ ਪੁਲਿਸ ਤੇ ਭਾਜਪਾ ਵਰਕਰਾਂ ਵਿਚ ਝੜਪ ਹੋ ਗਈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਕਿਸਾਨਾਂ ਨੇ ਵੀ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਉਹ ਕਿਸੇ ਵੀ ਹਾਲਾਤ ਇਹ ਪ੍ਰੋਗਰਾਮ ਨਹੀਂ ਹੋਣ ਦੇਣਗੇ।