ਹਰਿਆਣਾ ਦੇ ਲੋਕਾਂ ਨੇ ਪੰਜਾਬ ਲਈ ਛੋਟੇ ਭਾਈ ਦਾ ਰਿਸ਼ਤਾ ਬਾਖ਼ੂਬੀ ਨਿਭਾਇਆ : ਮਨਪ੍ਰੀਤ ਸਿੰਘ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਾ ਦੇ ਲੋਕਾਂ ਨੇ ਪੰਜਾਬ ਲਈ ਛੋਟੇ ਭਾਈ ਦਾ ਰਿਸ਼ਤਾ ਬਾਖ਼ੂਬੀ ਨਿਭਾਇਆ : ਮਨਪ੍ਰੀਤ ਸਿੰਘ ਬਾਦਲ

image

ਚੰਡੀਗੜ੍ਹ, 24 ਦਸੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਰਿਆਣਾ ਦੇ ਨਾਂ ਦਿਤੇ ਇਕ ਸੰਦੇਸ਼ ਵਿਚ ਕਿਹਾ ਹੈ ਕਿ ਹਰਿਆਣਾ ਦੇ ਲੋਕਾਂ ਨੇ ਪੰਜਾਬ ਨਾਲ ਛੋਟੇ ਭਾਈ ਦਾ ਰਿਸ਼ਤਾ ਬਾਖੂਬੀ ਨਿਭਾਇਆ ਹੈ ਅਤੇ ਮਾਂ ਦੇ ਦੁੱਧ ਦਾ ਕਰਜ਼ ਵੀ ਚੁਕਾਇਆ ਹੈ | ਵੀਡੀਉ ਸੰਦੇਸ਼ ਰਾਹੀਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਭਾਰਤ ਮਾਂ ਦੇ ਕਈ ਬੇਟੇ ਹਨ ਜਿਨ੍ਹਾਂ ਵਿਚ ਇਕ ਪੰਜਾਬ ਤੇ ਇਕ ਹਰਿਆਣਾ ਵੀ ਹੈ | 
ਸਿਆਸਤ ਦੇ ਰਿਸ਼ਤੇ ਤਾਂ ਕੱਚੇ ਹੋ ਸਕਦੇ ਹਨ ਪਰ ਪਿਆਰ ਦੇ ਰਿਸ਼ਤੇ ਅਟੁਟ ਹੁੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਕੇ ਸੱਚਮੁੱਚ ਹਰਿਆਣਾ ਵਾਸੀਆਂ ਨੇ ਸਾਡਾ ਦਿਲ ਜਿੱਤ ਲਿਆ ਹੈ | ਸੈਂਕੜੇ ਮਿਸਾਲਾਂ ਸਾਹਮਣੇ ਆਈਆਂ ਹਨ ਕਿ ਅਪਣੇ ਬੱਚਿਆਂ ਦਾ ਪੇਟ ਕੱਟ ਕੇ ਹਰਿਆਣਾ ਦੇ ਲੋਕਾਂ ਨੇ ਕਿਸਾਨ ਅੰਦੋਲਨ ਵਿਚ ਰਾਸ਼ਨ ਪਾਣੀ ਭੇਜਿਆ | ਮਨਪ੍ਰੀਤ ਨੇ ਕਿਹਾ ਕਿ ਜੇ ਆਪ ਨੂੰ ਪਿਆਰ ਕਰਨਾ ਆਉਂਦਾ ਹੈ ਤਾਂ ਸਾਨੂੰ ਵੀ ਮੁਹੱਬਤ ਨਿਭਾਉਣੀ ਆਉਂਦੀ ਹੇ | ਹਰਿਆਣਾ ਵਿਚ ਕੋਈ ਸੰਕਟ ਦੀ ਘੜੀ ਆਈ ਤਾਂ ਪੰਜਾਬ ਵਾਸੀ ਵੀ ਡਟ ਕੇ ਸਾਣ ਦੇਣਗੇ | 
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਤਕਦੀਰ ਤੇ ਹਾਲਾਤ ਬਦਲਣ ਵਿਚ ਹਰਿਆਣਾ ਦਾ ਸਾਥ ਮਿਲਣਾ ਸਾਡੇ ਲਈ ਖ਼ੁਸ਼ਕਿਸਮਤੀ ਹੈ ਤੇ ਪ੍ਰਮਾਤਮਾ ਸੱਭ ਨੂੰ ਖ਼ੁਸ਼ ਰੱਖੇ |