ਅਮਰੀਕਾ ’ਚ ਟੀਕਾਕਰਨ ਦੀ ਰਫ਼ਤਾਰ ਉਮੀਦ ਤੋਂ ਕੁੱਝ ਘੱਟ ਰਹਿ ਸਕਦੀ ਹੈ : ਅਧਿਕਾਰੀ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕਾ ’ਚ ਟੀਕਾਕਰਨ ਦੀ ਰਫ਼ਤਾਰ ਉਮੀਦ ਤੋਂ ਕੁੱਝ ਘੱਟ ਰਹਿ ਸਕਦੀ ਹੈ : ਅਧਿਕਾਰੀ

image

ਵਾਸ਼ਿੰਗਟਨ, 24 ਦਸੰਬਰ : ਅਮਰੀਕਾ ’ਚ ਟੀਕਾਕਰਨ ਮੁਹਿੰਮ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਨਵਰੀ ਦੇ ਪਹਿਲੇ ਹਫ਼ਤੇ ਤਕ ਕੋਵਿਡ 19 ਤੋਂ ਬਚਾਅ ਲਈ ਟੀਕੇ ਦੀ ਦੋ ਕਰੋੜ ਖ਼ੁਰਾਕ ਉਪਲੱਬਧ ਕਰਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਪਰ ਲੋਕਾਂ ਨੂੰ ਜਿੰਨੀ ਜਲਦਿ ਇਹ ਟੀਕਾ ਲਗਾਇਆ ਜਾ ਸਕੇਗਾ ਇਹ ਸਪਸ਼ਟ ਨਹੀਂ ਹਨ। ‘ਆਪਰੇਸ਼ਨ ਵਾਰਪ ਸਪੀਡ’ ਦੇ ਅਧਿਕਾਰੀ ਜਨਰਲ ਗਸ ਪੇਰਨਾ ਨੇ ਬੁਧਵਾਰ ਨੂੰ ਪੈ੍ਰਸ ਕਾਨਫਰੰਸ ’ਚ ਦਸਿਆ ਕਿ ਸਾਰੇ ਸੂਬਿਆਂ ’ਚ ਟੀਕੇ ਦੀ ਖ਼ੁਰਾਕ ਦੇਣ ਦੀ ਰਫ਼ਤਾਰ ਚੰਗੀ ਹੈ ਅਤੇ ਕਾਫ਼ੀ ਗਿਣਤੀ ’ਚ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਹਾਲਾਂਕਿ ਅਮਰੀਕਾ ’ਚ ਟੀਕਾਕਰਨ ਮੁਹਿੰਮ ਲਈ ਮੁੱਖ ਵਿਗਿਆਨਿਕ ਸਲਾਹਕਾਰ ਨੇ ਕਿਹਾ, ‘‘ਅਸੀ ਜੋ ਸੋਚਿਆ ਸੀ ਉਸ ਦੇ ਮੁਕਾਬਲੇ ’ਚ ਰਫ਼ਤਾਰ ਕੁੱਝ ਘੱਟ ਹੈ।’’ ਬਿਮਾਰੀ ਰੋਕਥਾਮ ਅਤੇ ਨਿਵਾਰਨ ਕੇਂਦਰ (ਸੀਡੀਸੀ) ਦੇ ਅੰਕੜਿਆਂ ਮੁਤਾਬਕ ਬੁਧਵਾਰ ਸਵੇਰੇ ਤਕ 95 ਲੱਖ ਟੀਕਿਆਂ ਦੀ ਸਪਲਾਈ ਕਰ ਦਿਤੀ ਗਈ, ਜਿਸ  ਵਿਚੋਂ ਕਰੀਬ ਦਸ ਲੱਖ ਖ਼ੁਰਾਕ ਲੋਕਾਂ ਨੂੰ ਦਿਤੀ ਜਾ ਚੁਕੀ ਹੈ। ਹਾਲਾਂਕਿ ਪੇਰਨਾ ਨੇ ਕਿਹਾ ਕਿ ਟੀਕਾਕਰਨ ਬਾਰੇ ’ਚ ਸੂਚਨਾਵਾਂ ਦੇਰੀ ਨਾਲ ਮੁਹਈਆ ਕਰਾਈ ਜਾ  ਰਹੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਅਮਰੀਕਾ ’ਚ ਦਵਾਈ ਕੰਪਨੀ ਫ਼ਾਈਜ਼ਰ-ਬਾਇਓਨਟੈਕ ਅਤੇ ਮਾਡਰਨਾ ਦੇ ਟੀਕੇ ਦੀ ਸਪਲਾਈ ਕੀਤੀ ਜਾ ਰਹੀ ਹੈ। (ਪੀਟੀਆਈ)