ਵਾਜਿਦ ਮੁੱਲ ਨਾ ਮਿਲਣ 'ਤੇ ਦੁਖੀ ਕਿਸਾਨ ਨੇ 11 ਏਕੜ ਆਲੂ ਦੀ ਫਸਲ ਕੀਤੀ ਨਸ਼ਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਮੁਤਾਬਕ ਖੇਤੀ ਕਾਨੂੰਨ ਲਾਗੂ ਹੋ ਜਾਣ ਬਾਅਦ ਕਣਕ ਝੋਨੇ ਦਾ ਹਾਲ ਵੀ ਇਹੀ ਹੋਣ ਵਾਲਾ ਹੈ।

Farmer

ਜਲੰਧਰ:  ਕਿਸਾਨ ਦਾ ਆਪਣੇ ਖੇਤ ਨਾਲ ਪੁੱਤ-ਧੀ ਵਾਲਾ ਰਿਸ਼ਤਾ ਹੁੰਦਾ ਹੈ ਜੇ ਫਸਲ ਚੰਗੀ ਹੋਵੇ ਅਤੇ ਉਸਦਾ ਵਾਜਿਦ ਮੁੱਲ ਮਿਲੇ  ਤਾਂ ਕਿਸਾਨ ਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਹੈ ਪਰ ਜੇ ਕਿਸਾਨ ਨੂੰ ਉਸਦੀ ਮਿਹਨਤ  ਦਾ ਮੁੱਲ ਨਾ ਮਿਲੇ ਤਾਂ ਉਹ ਦੁਖੀ ਹੋ ਜਾਂਦਾ ਹੈ 

ਕਿਉਂਕਿ ਉਹ ਦਿਨ ਰਾਤ  ਇਕ ਕਰਕੇ ਖੇਤ ਵਿਚ ਮਿਹਨਤ ਕਰਦਾ ਹੈ, ਪੁੱਤਾਂ ਵਾਂਗੂ ਫਸਲ ਪਾਲਦਾ ਹੈ। ਅਜਿਹਾ ਹੀ ਮਾਮਲਾ ਕਪੂਰਥਲਾ  ਤੋਂ ਸਾਹਮਣੇ ਆਇਆ ਹੈ ਜਿਥੇ ਕਿਸਾਨ  ਨੂੰ ਆਲੂ ਦੇ ਸਹੀ ਰੇਟ ਨਾ ਮਿਲਣ ਕਰਕੇ ਉਸਨੇ  ਆਪਣੀ ਕਰੀਬ 11 ਏਕੜ ਆਲੂ ਦੀ ਫਸਲ ਨਸ਼ਟ ਕਰ ਦਿੱਤੀ।

ਸਿਰਫ ਆਲੂ ਹੀ ਨਹੀਂ ਇਸ ਕਿਸਾਨ ਨੇ ਇਸ ਤੋਂ ਪਹਿਲਾ ਗੋਭੀ ਦੀ ਫਸਲ ਦਾ ਵੀ ਸਹੀ ਮੁੱਲ ਨਾ ਮਿਲਣ ਕਰਕੇ  ਉਸਨੂੰ ਵੀ ਨਸ਼ਟ ਕਰ ਦਿੱਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਉਨਾਂ ਨੂੰ ਜੋ ਮੁੱਲ ਮੰਡੀ ਵਿਚ ਮਿਲ ਰਿਹਾ ਹੈ ਉਸ ਨਾਲ ਉਨਾਂ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ, ਜਿਸ ਨਾਲ ਉਨਾਂ ਨੂੰ ਨੁਕਸਾਨ ਹੀ ਹੋ ਰਿਹਾ ਹੈ।

ਕਿਸਾਨ ਦਾ ਕਹਿਣਾ ਹੈ ਕਿ ਆਲੂਆਂ ਦੀ ਫ਼ਸਲ ’ਤੇ ਖਾਦ, ਕੀਟ ਨਾਸ਼ਕ ਦਵਾਈਆਂ, ਡੀਜ਼ਲ, ਬੀਜਣ ਤੇ ਇਸ ਦੀ ਪੁਟਾਈ ਸਮੇਂ ਲੇਬਰ ਦਾ ਖਰਚਾ ਇੰਨਾ ਜ਼ਿਆਦਾ ਆਉਂਦਾ ਹੈ ਕਿ ਸਹੀ ਭਾਅ ਨਾ ਮਿਲਣ ’ਤੇ ਕਿਸਾਨਾਂ ਨੂੰ ਪੱਲਿਓਂ ਪੈਸੇ ਪਾਉਣੇ ਪੈਂਦੇ ਹਨ।

ਇਸ ਲਈ ਹੁਣ ਕਿਸਾਨ ਫਸਲ ਮੰਡੀ ਚ ਲੈ  ਕੇ ਜਾਣ ਦਾ ਬਜਾਏ ਖੇਤਾਂ ਚ ਹੀ ਬਰਬਾਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਨਵੇਂ ਖੇਤੀ ਕਾਨੂੰਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਪੰਜਾਬ ਅਤੇ ਹਰਿਆਣਾ ਅੰਦਰ ਹੀ ਵੇਖਣ ਨੂੰ ਮਿਲਿਆ ਹੈ।

ਹੁਣ ਜਦੋਂ ਕਿਸਾਨੀ ਅੰਦੋਲਨ ਪੂਰੇ ਦੇਸ਼ ਅੰਦਰ ਫੈਲਦਾ ਜਾ ਰਿਹਾ ਹੈ ਤਾਂ ਸਾਰੀਆਂ ਫਸਲਾਂ ਦੀ ਐਮਐਸਪੀ ‘ਤੇ ਗਾਰੰਟੀ ਦੀ ਆਵਾਜ਼ ਉੱਠਣ ਲੱਗੀ ਹੈ। ਕੇਂਦਰ ਸਰਕਾਰ ਅੱਜ ਵੀ ਐਮ.ਐਸ.ਪੀ. ਜਾਰੀ ਰਹਿਣ ਦਾ ਭਰੋਸਾ ਦਿੰਦਿਆਂ ਕਿਸਾਨੀ ਸੰਘਰਸ਼ ਨੂੰ ਰੱਦ ਕਰਵਾਉਣ ਲਈ ਜ਼ੋਰ ਅਜ਼ਮਾਇਸ਼ ਕਰ ਰਹੀ ਹੈ।

ਦੂਜੇ ਪਾਸੇ ਦੇਸ਼ ਅੰਦਰ ਮੌਜੂਦਾ ਸਮੇਂ ਦੌਰਾਨ ਹੀ ਗੋਭੀ ਅਤੇ ਆਲੂਆਂ ਸਮੇਤ ਕੁੱਝ ਦੂਜੀਆਂ ਫਸਲਾਂ ਦੀ ਹੋ ਰਹੀ ਬੇਕਦਰੀ ਨੇ ਕੇਂਦਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਅੱਜ ਦੇਸ਼ ਦੇ ਕਈ ਸੂਬਿਆਂ ਵਿਚ ਕਿਸਾਨ ਗੋਭੀ ਦੀ ਫਸਲ ਵਾਹ ਰਹੇ ਹਨ। 

ਇਹੋ ਹਾਲ ਆਲੂ ਉਤਪਾਦਕਾ ਦਾ ਹੋਣ ਵਾਲਾ ਹੈ। ਪੰਜਾਬ ਵਿਚ ਪਿਛਲੇ ਦਿਨਾਂ ਦੌਰਾਨ 40 ਰੁਪਏ ਕਿਲੋ ਵਿੱਕਣ ਵਾਲਾ ਆਲੂ ਅੱਜ ਕਿਸਾਨਾਂ ਦੀ ਫਸਲ ਆਉਣ ਤੇ 6-7 ਰੁਪਏ ਪ੍ਰਤੀ ਕਿਲੋ ਤੇ ਆ ਗਿਆ ਹੈ। ਕਿਸਾਨਾਂ ਮੁਤਾਬਕ ਖੇਤੀ ਕਾਨੂੰਨ ਲਾਗੂ ਹੋ ਜਾਣ ਬਾਅਦ ਕਣਕ ਝੋਨੇ ਦਾ ਹਾਲ ਵੀ ਇਹੀ ਹੋਣ ਵਾਲਾ ਹੈ।