ਰਵਨੀਤ ਬਿੱਟੂ ਤੇ ਕੁਲਬੀਰ ਜ਼ੀਰਾ ਨੇ ਕਿਉਂ ਬੰਨ੍ਹੀਆਂ ਅੱਖਾਂ 'ਤੇ ਪੱਟੀਆਂ? 

ਏਜੰਸੀ

ਖ਼ਬਰਾਂ, ਪੰਜਾਬ

ਰਵਨੀਤ ਬਿੱਟੂ ਤੇ ਕੁਲਬੀਰ ਜ਼ੀਰਾ ਨੇ ਕਿਉਂ ਬੰਨ੍ਹੀਆਂ ਅੱਖਾਂ 'ਤੇ ਪੱਟੀਆਂ? 

image


ਮੋਦੀ ਦੀਆਂ ਅੱਖਾਂ ਅੱਗੇ ਹਨੇਰਾ ਆ ਚੁਕੈ : ਰਵਨੀਤ ਬਿੱਟੂ

ਨਵੀਂ ਦਿੱਲੀ, 24 ਦਸੰਬਰ (ਹਰਦੀਪ ਸਿੰਘ ਭੌਗਲ) : ਬੀਤੇ ਕਈ ਦਿਨਾਂ ਤੋਂ ਕਿਸਾਨਾਂ ਦੇ ਹੱਕ ਵਿਚ ਪੰਜਾਬ ਦੇ ਕਾਂਗਰਸ ਐਮਪੀ ਤੇ ਵਿਧਾਇਕ ਜੰਤਰ-ਮੰਤਰ ਵਿਖੇ ਧਰਨੇ 'ਤੇ ਬੈਠੇ ਹਨ | ਇਸ ਦੇ ਚਲਦਿਆਂ ਧਰਨੇ 'ਤੇ ਬੈਠੇ ਕਾਂਗਰਸੀ ਨੇਤਾਵਾਂ ਨੇ ਬੀਤੇ ਦਿਨ ਅੱਖਾਂ 'ਤੇ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ |
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਨੂੰ ਦੇਸ਼ ਵਿਚ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਚੌਧਰੀ ਚਰਨ ਸਿੰਘ ਦੀ ਕਿਸਾਨਾਂ ਤੇ ਕਿਸਾਨੀ ਨੂੰ ਬਹੁਤ ਵੱਡੀ ਦੇਣ ਹੈ | 
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਸਿਆ ਕਿ ਉਨ੍ਹਾਂ ਨੇ ਅੱਖਾਂ 'ਤੇ ਕਾਲੀਆਂ ਪੱਟੀਆਂ ਇਸ ਲਈ ਬੰਨ੍ਹੀਆਂ ਕਿਉਂਕਿ ਇਕ ਪਾਸੇ ਦੇਸ਼ ਦੇ ਉਹ ਲੀਡਰ ਸੀ ਜੋ ਕਿਸਾਨਾਂ ਲਈ ਅਪਣੀ ਜਾਨ ਦੇਣ ਲਈ ਵੀ ਤਿਆਰ ਰਹਿੰਦੇ ਸਨ ਤੇ ਦੂਜੇ ਪਾਸੇ ਅੱਜ ਦਾ ਪ੍ਰਧਾਨ ਮੰਤਰੀ ਹੈ ਜੋ ਕਿਸਾਨਾਂ ਲਈ ਨਹੀਂ ਬਲਕਿ ਕਾਰੋਬਾਰੀਆਂ ਲਈ ਕਾਨੂੰਨ ਲੈ ਕੇ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ ਅੱਗੇ ਹਨੇਰਾ ਆ ਚੁੱਕਾ ਹੈ | ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਪੀਐਮ ਮੋਦੀ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਜਾ ਕੇ ਮੁਲਾਕਾਤ ਕਰ ਰਹੇ ਹਨ ਪਰ ਉਨ੍ਹਾਂ ਨੂੰ ਦਿੱਲੀ ਦੇ ਬਾਰਡਰ 'ਤੇ ਬੈਠਾ ਕਿਸਾਨ ਨਹੀਂ ਦਿਖਾ ਰਿਹਾ | ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਸਮਰਥਕ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ਤੇ 'ਗੋਦੀ ਮੀਡੀਆ' ਕੋਲੋਂ ਵੀ ਕਿਸਾਨ ਵਿਰੋਧੀ ਕਵਰੇਜ ਕਰਵਾਈ ਜਾ ਰਹੀ ਹੈ | ਗੱਲਬਾਤ ਦੌਰਾਨ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਪੀਐਮ ਮੋਦੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਝੂਠਾ ਪਾਉਣ ਲਈ ਨਕਲੀ ਕਿਸਾਨਾਂ ਨਾਲ ਮੁਲਾਕਾਤ ਕਰ ਰਹੇ ਹਨ | ਸਰਕਾਰ ਦਾ ਰਿਮੋਟ ਕੰਟਰੋਲ ਅੰਬਾਨੀ-ਅਡਾਣੀ ਦੇ ਹੱਥਾਂ ਵਿਚ ਹੈ | ਵਿਧਾਇਕ ਕੁਲਬੀਰ ਜੀਰਾ ਨੇ ਹਰਜੀਤ ਗਰੇਵਾਲ, ਸੁਰਜੀਤ ਜਿਆਨੀ ਤੇ ਹੰਸਰਾਜ ਹੰਸ ਨੂੰ ਵੀ ਨਿਸ਼ਾਨੇ 'ਤੇ ਲਿਆ | ਜ਼ੀਰਾ ਨੇ ਕਿਹਾ ਕਿ ਸਰਕਾਰ ਕਿਸਾਨ ਨੂੰ ਵਿਕਾਊ ਸਮਝ ਰਹੀ ਹੈ | ਉਨ੍ਹਾਂ ਹਾਰਪ ਫ਼ਾਰਮ ਨੂੰ ਸਲਾਹ ਦਿਤੀ ਕਿ ਉਹ ਭਾਜਪਾ 'ਤੇ ਮਾਣਹਾਨੀ ਦਾ ਮਾਮਲਾ ਦਰਜ ਕਰਨ | ਕੁਲਬੀਰ ਜੀਰਾ ਨੇ ਕਿਹਾ ਜੇਕਰ ਕਾਂਗਰਸ ਨੇ ਟਾਟਾ-ਬਿਰਲਾ ਲਈ ਕੰਮ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਨੂੰ ਵੀ ਨਹੀਂ ਬਖ਼ਸ਼ਿਆ ਸੀ ਤੇ ਉਹ ਅਪਣੀਆਂ ਗਲਤੀਆਂ ਦਾ ਖਾਮਿਆਜ਼ਾ ਹੁਣ ਤਕ ਭੁਗਤ ਰਹੇ ਹਨ | ਸਰਦ ਰੁੱਤ ਇਜਲਾਸ ਨਾ ਸੱਦਣ ਸਬੰਧੀ ਬਿੱਟੂ ਨੇ ਕਿਹਾ ਕਿ 1952 ਤੋਂ ਬਾਅਦ ਇਤਿਹਾਸ 'ਚ ਕਦੀ ਅਜਿਹਾ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਸਰਕਾਰ 'ਤੇ ਦਬਾਅ ਪਾਉਣ ਲਈ ਦਿੱਲੀ-ਗੁਰੂਗ੍ਰਾਮ ਹਾਈਵੇਅ ਨੂੰ ਰੋਕਣ ਲਈ ਭਵਿੱਖ ਵਿਚ ਰਣਨੀਤੀ ਬਣਾਈ ਜਾ ਸਕਦੀ ਹੈ |
ਜਸਬੀਰ ਸਿੰਘ  ਡਿੰਪਾ ਵੱਲੋਂ ਪੱਤਰਕਾਰ ਲੜਕੀ ਨਾਲ ਕੀਤੀ ਬਦਸਲੂਕੀ ਬਾਰੇ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਉਹ ਉਥੇ ਨਹੀਂ ਸਨ ਪਰ ਮੀਡੀਆ ਵਲੋਂ ਇਕ ਪੱਖ ਹੀ ਦਿਖਾਇਆ ਜਾ ਰਿਹਾ ਹੈ ਤੇ ਦੂਜੇ ਪੱਖ 'ਤੇ ਭਵਿੱਖ ਵਿਚ ਚਾਨਣਾ ਪਾਇਆ ਜਾਵੇਗਾ | ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਕੋਈ ਵੀ ਗੱਲ ਅੰਦੋਲਨ ਤੋਂ ਬਾਅਦ ਕੀਤੀ ਜਾਵੇ | ਇਸ ਦੇ ਲਈ ਉਨ੍ਹਾਂ ਨੇ ਮੁਆਫ਼ੀ ਵੀ ਮੰਗੀ ਹੈ |