ਲੁਧਿਆਣਾ ਬੰਬ ਧਮਾਕੇ ਬਾਰੇ ਬੋਲੇ DGP ਸਿਧਾਰਥ ਚਟੋਪਾਧਿਆਏ
ਅਮਨ-ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਪੁਲਿਸ ਵਿਭਾਗ ਚੌਕਸ ਹੈ ਅਤੇ ਟੀਮਾਂ ਤੈਨਾਤ ਕਰ ਦਿਤੀਆਂ ਗਈਆਂ ਹਨ। ਚੰਗਾ ਮਾਹੌਲ ਬਣਾਈ ਰੱਖਣ ਲਈ ਜਨਤਾ ਦੇ ਸਹਿਯੋਗ ਦੀ ਜ਼ਰੂਰਤ ਹੈ।
ਲੁਧਿਆਣਾ ਬੰਬ ਧਮਾਕੇ ਬਾਰੇ ਬੋਲੇ DGP ਸਿਧਾਰਥ ਚਟੋਪਾਧਿਆਏ
ਚੰਡੀਗੜ੍ਹ : ਬੀਤੇ ਦਿਨੀ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਬਾਰੇ ਬੋਲਦਿਆਂ ਪੰਜਾਬ ਦੇ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਗੱਲਾਂ ਸਾਹਮਣੇ ਆਈਆਂ ਹਨ।
ਉਨ੍ਹਾਂ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ, ''24 ਘੰਟਿਆਂ 'ਚ ਇਹ ਗੁੱਥੀ ਸੁਲਝਾ ਲਈ ਹੈ। ਘਟਨਾ ਸਥਾਨ ਤੋਂ ਕਈ ਸਬੂਤ ਮਿਲੇ ਹਨ। ਧਮਾਕੇ ਵਿਚ ਮਾਰਿਆ ਗਿਆ ਗਗਨਦੀਪ ਸਿੰਘ ਮੁਅੱਤਲ ਹੈੱਡ ਮੁਨਸ਼ੀ ਸੀ ਜਿਸ 'ਤੇ ਸਾਲ 2019 ਵਿਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿਚ ਉਹ 2 ਸਾਲ ਦੀ ਸਜ਼ਾ ਕੱਟ ਚੁੱਕਾ ਸੀ। ਮੁਲਜ਼ਮ ਗਗਨਦੀਪ ਜਦੋਂ ਮੁਨਸ਼ੀ ਸੀ ਤਾਂ ਅਮਨ ਅਤੇ ਵਿਕਾਸ ਨਾਮ ਦੇ ਵਿਅਕਤੀ ਉਸ ਦੇ ਸਾਥੀ ਸਨ। ਜੇਲ੍ਹ ਵਿਚ ਗਗਨਦੀਪ ਦੇ ਸਬੰਧ ਨਸ਼ਾ ਤਸਕਰਾਂ ਨਾਲ ਬਣੇ ਜੋ ਪੰਜਾਬ ਅਤੇ ਵਿਦੇਸ਼ ਵਿਚ ਖ਼ਾਲਿਸਤਾਨ ਨਾਲ ਸਬੰਧ ਰੱਖਦੇ ਹਨ।''
ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਵਿੰਗ ਨੇ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਧਮਾਕੇ 'ਚ ਮਾਰੇ ਗਏ ਵਿਅਕਤੀ ਦੀ ਬਾਂਹ 'ਤੇ ਟੈਟੂ ਮਿਲਿਆ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਗਗਨਦੀਪ ਪਹਿਲਾਂ ਹੈਰੋਇਨ ਸਮੇਤ ਫੜ੍ਹਿਆ ਗਿਆ ਸੀ ਅਤੇ 2 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਬਾਹਰ ਆਇਆ ਸੀ। ਫਰਵਰੀ 2022 'ਚ ਉਸ ਦੀ ਅਦਾਲਤ 'ਚ ਪੇਸ਼ੀ ਸੀ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਖ਼ਾਲਿਸਤਾਨ ਅਤੇ ਅੰਤਰ ਰਾਸ਼ਟਰੀ ਮਾਫ਼ੀਆ ਨਾਲ ਸੰਪਰਕ ਸਾਹਮਣੇ ਆਏ ਹਨ। ਡੀ. ਜੀ. ਪੀ. ਨੇ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਬੋਲਦਿਆਂ ਕਿਹਾ ਪੁਲਿਸ ਵਲੋਂ ਇਸ ਦੇ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਕਪੂਰਥਲਾ ਘਟਨਾ ਬਾਰੇ ਬੋਲਦਿਆਂ ਡੀ. ਜੀ. ਪੀ. ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਇੱਥੇ ਬੇਅਦਬੀ ਦੀ ਕੋਈ ਘਟਨਾ ਨਹੀਂ ਹੋਈ ਸਗੋਂ ਮਾਰਿਆ ਗਿਆ ਸ਼ਖ਼ਸ ਚੋਰੀ ਕਰਨ ਦੀ ਨੀਅਤ ਨਾਲ ਅੰਦਰ ਗਿਆ ਸੀ।
ਇਸ ਤੋਂ ਇਲਾਵਾ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੇ ਪੰਜਾਬ ਦੀ ਜਨਤਾ ਦਾ ਸਾਥ ਵੀ ਮੰਗਿਆ ਹੈ। ਆਉਣ ਵਾਲਿਆਂ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਕਿਹਾ, ''ਸੂਬੇ ਦੀਆਂ ਚੋਣਾਂ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਹਨ। ਅਮਨ-ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਪੁਲਿਸ ਵਿਭਾਗ ਚੌਕਸ ਹੈ ਅਤੇ ਟੀਮਾਂ ਤੈਨਾਤ ਕਰ ਦਿਤੀਆਂ ਗਈਆਂ ਹਨ। ਚੰਗਾ ਮਾਹੌਲ ਬਣਾਈ ਰੱਖਣ ਲਈ ਜਨਤਾ ਦੇ ਸਹਿਯੋਗ ਦੀ ਜ਼ਰੂਰਤ ਹੈ। ਜਨਤਾ ਕੋਲ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਹੁੰਦੀ ਹੈ ਤਾਂ ਸਾਡੇ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਮਿਲ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਸਕਣ।''