ਸ੍ਰੀ ਅਕਾਲ ਤਖ਼ਤ ਸਾਹਿਬ  ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ,ਵਿਚਾਰੇ ਕਈ ਮੁੱਦੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

27  ਦਸੰਬਰ ਨੂੰ ਸਵੇਰੇ 10 ਵਜੇੇ ਘਟ ਤੋਂ ਘੱਟ 5 ਮਿੰਟ ਮੂਲਮੰਤਰ ਦਾ  ਜਾਪ ਕੀਤਾ ਜਾਵੇ, ਇਹ  ਹੀ  ਉਹਨਾਂ  ਮਹਾਨ  ਸ਼ਹੀਦਾਂ  ਨੂੰ ਸੱਚੀ-ਸੁੱਚੀ  ਸਰਧਾਂਜਲੀ  ਹੋਵੇਗੀ।

Gathering of Panj Singh Sahibs at Sri Akal Takht Sahib

ਅੰਮ੍ਰਿਤਸਰ :  ਦਫ਼ਤਰ  ਸਕੱਤਰੇਤ  ਸ੍ਰੀ  ਅਕਾਲ  ਤਖ਼ਤ  ਸਾਹਿਬ  ਵਿਖੇ ਪੰਜ ਸਿੰਘ ਸਾਹਿਬਾਨ ਦੀ  ਹੋਈ  ਇਕੱਤਰਤਾ  ਉਪਰੰਤ ਗਿਆਨੀ  ਹਰਪ੍ਰੀਤ  ਸਿੰਘ  ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕਿਹਾ : 
੧. ਸ੍ਰੀ  ਗੁਰੂ  ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਇਸ਼ਟ ਹਨ। ਉਂਝ ਸਿੱਖਾਂ  ਦੀ ਆਸਥਾ ਕਿਸੇ ਦੁਨਿਆਵੀ  ਪ੍ਰਮਾਣ ਦੀ ਮੁਥਾਜ ਨਹੀਂ ਹੈ।ਪਿਛਲੇ ਕਈ  ਸਾਲਾਂ  ਤੋਂ ਇਕ ਗਿਣੀ-ਮਿੱਥੀ  ਸਾਜ਼ਿਸ਼ ਤਹਿਤ ਕੁਝ  ਅਦਿੱਖ  ਪੰਥ  ਵਿਰੋਧੀ  ਤਾਕਤਾਂ  ਸ੍ਰੀ  ਗੁਰੂ  ਗ੍ਰੰਥ  ਸਾਹਿਬ  ਜੀ ਦੇ ਮਾਨ  ਸਨਮਾਨ ਨੂੰ  ਢਾਹ ਲਗਾ ਰਹੀਆਂ ਹਨ। ਇਹ ਵਰਤਾਰਾ ਇੰਨਾ ਘਿਨਾਉਣਾ ਹੈ ਕਿ ਪਹਿਲਾਂ  ਪਿੰਡਾਂ-ਕਸਬਿਆਂ ਦੇ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਹੁਣ ਸੱਚਖੰਡ ਸ੍ਰੀ  ਹਰਿਮੰਦਰ  ਸਾਹਿਬ  ਤੱਕ  ਪਹੁੰਚਣ  ਲੱਗਾ ਹੈ।

ਕੋਈ  ਵੀ  ਕਾਨੂੰਨ  ਇਨ੍ਹਾਂ  ਨੂੰ  ਰੋਕਣ  ਲਈ  ਅਤੇ  ਨਿਆਂਪਾਲਿਕਾ  ਦੋਸ਼ੀਆਂ  ਨੂੰ  ਸਜ਼ਾਵਾਂ  ਦੇਣ  ਲਈ ਕਾਰਗਰ  ਸਾਬਤ  ਹੁੰਦੀਆਂ  ਦਿਖਾਈ  ਨਹੀਂ  ਦਿੱਤੀਆਂ।  ਸੈਂਕੜੇ  ਘਟਨਾਵਾਂ  ਵਿਚ  ਦੋਸ਼ੀ  ਫੜ  ਕੇ  ਕਾਨੂੰਨ ਦੇ ਹਵਾਲੇ ਕੀਤੇ  ਜਾਂਦੇ ਰਹੇ  ਹਨ ਪਰ  ਅਫਸੋਸ  ਦੀ  ਗੱਲ  ਹੈ  ਕਿ  ਅੱਜ  ਤੱਕ  ਕਿਸੇ  ਇਕ  ਵੀ  ਦੋਸ਼ੀ  ਨੂੰ ਕਾਨੂੰਨ  ਅਤੇ  ਅਦਾਲਤਾਂ  ਇਹੋ  ਜਿਹੀ  ਕੋਈ  ਸਜ਼ਾ  ਨਹੀਂ  ਦੇ  ਸਕੀਆਂ  ਜੋ  ਭਵਿੱਖ  ਵਿਚ  ਇਹੋ  ਜਿਹੀਆਂ ਘਟਨਾਵਾਂ  ਕਰਨ  ਵਾਲਿਆਂ  ਲਈ  ਸਬਕ  ਬਣ  ਸਕਦੀ।

ਬਲਕਿ  ਬਹੁਤ  ਸਾਰੇ  ਦੋਸ਼ੀਆਂ  ਨੂੰ  ਮਾਨਸਿਕ ਰੋਗੀ  ਆਖ  ਕੇ  ਬਰੀ  ਕਰ  ਦਿਤਾ  ਜਾਂਦਾ  ਰਿਹਾ  ਤੇ  ਬਹੁਤ  ਸਾਰੇ  ਦੋਸ਼ੀ  ਕਾਨੂੰਨ  ਦੀ  ਮਾੜੀ  ਕਾਰਗੁਜ਼ਾਰੀ ਦਾ ਲਾਭ  ਚੁੱਕਦਿਆਂ  ਜ਼ਮਾਨਤਾਂ  ਲੈ  ਕੇ  ਜੇਲ੍ਹਾਂ  ਵਿਚੋਂ  ਬਾਹਰ  ਆ  ਕੇ  ਬੇਖੌਫ਼ ਘੁੰਮ  ਰਹੇ  ਹਨ।  ਇਸੇ  ਦੇ ਸਦਕਾ ਇਹ ਘਿਨੋਣੀਆਂ ਅਸਹਿਣਯੋਗ ਘਟਨਾਵਾਂ ਇਕ ਨਿਯਮਿਤ ਤੇ ਬੇਰੋਕ ਵਰਤਾਰਾ ਬਣ ਗਈਆਂ ਹਨ। ਸੂਬਾ  ਸਰਕਾਰ  ਅਤੇ  ਕੇਂਦਰੀ  ਏਜੰਸੀਆਂ  ਸਿੱਖਾਂ  ਦੀਆਂ  ਭਾਵਨਾਵਾਂ  ਨੂੰ  ਲਾਂਬੂ  ਲਾਉਣ ਵਾਲੀਆਂ  ਇਨ੍ਹਾਂ  ਘਟਨਾਵਾਂ  ਨੂੰ  ਰੋਕਣ  ਵਿਚ ਅਸਫਲ ਰਹੀਆਂ  ਹਨ। ਸਰਕਾਰਾਂ  ਦੀਆਂ  ਖੁਫੀਆ ਏਜੰਸੀਆਂ ਵੀ ਬੇਅਦਬੀਆਂ ਦੇ ਵਰਤਾਰੇ, ਇਨ੍ਹਾਂ  ਪਿੱਛੇ  ਲੁਕਵੀਆਂ  ਤਾਕਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਮਕਸਦ ਨੂੰ ਸਾਹਮਣੇ ਲਿਆਉਣ  ‘ਚ  ਬੇਵੱਸ  ਨਜ਼ਰ  ਆ  ਰਹੀਆਂ  ਹਨ।

ਸੱਚਖੰਡ  ਸ੍ਰੀ  ਹਰਿਮੰਦਰ  ਸਾਹਿਬ  ਵਿਖੇ  ਵਾਪਰੀ  ਮੰਦਭਾਗੀ  ਘਟਨਾ  ਤੋਂ  ਬਾਅਦ,  ਸਿੱਖਾਂ  ਦੀਆਂ ਮਨੋਭਾਵਨਾਵਾਂ  ਨੂੰ  ਸਮਝੇ  ਬਗ਼ੈਰ,  ਸੱਚਖੰਡ  ਸ੍ਰੀ  ਹਰਿਮੰਦਰ  ਸਾਹਿਬ  ਅਤੇ  ਸ੍ਰੀ  ਗੁਰੂ  ਗ੍ਰੰਥ  ਸਾਹਿਬ  ਜੀ ਨਾਲ  ਸਿੱਖਾਂ  ਦੇ  ਰੂਹਾਨੀ ਤੇ ਜਜ਼ਬਾਤੀ  ਸਬੰਧ  ਨੂੰ  ਸਮਝਣ  ਤੋਂ  ਬਿਨਾਂ  ਅਤੇ  ਅਤੀਤ  ਵਿਚ  ਵਾਪਰੀਆਂ ਬੇਅਦਬੀ  ਦੀਆਂ  ਸੈਂਕੜੇ  ਘਟਨਾਵਾਂ  ਤੋਂ  ਬਾਅਦ  ਰਾਜ  ਦੇ  ਕਾਨੂੰਨ  ਦੀ  ਨਿਰਾਸ਼ਾਜਨਕ  ਭੂਮਿਕਾ  ਨੂੰ ਅਣਗੌਲਿਆਂ  ਕਰਕੇ,  ਜਿਸ  ਤਰੀਕੇ  ਨਾਲ  ਦੇਸ਼  ਦੀ  ਮੁੱਖ  ਧਾਰਾ  ਦੇ  ਮੀਡੀਆ  ਦੇ  ਇਕ  ਹਿੱਸੇ  ਨੇ ਸਿੱਖਾਂ  ਪ੍ਰਤੀ  ਗ਼ਲਤ  ਅਕਸ  ਨੂੰ  ਪੇਸ਼  ਕਰਨ  ਦੀ  ਕੋਸ਼ਿਸ਼  ਕੀਤੀ  ਹੈ  ਉਹ  ਵੀ  ਬੇਹੱਦ  ਨਿਰਾਸ਼ਾਜਨਕ ਹੈ।

ਭਾਰਤ  ਸਰਕਾਰ  ਤੇ  ਉਸ  ਦੀਆਂ  ਜਾਂਚ  ਏਜੰਸੀਆਂ,  ਖ਼ੁਫੀਆਤੰਤਰ  ਤੇ  ਨਿਆਂਪਾਲਿਕਾ  ਤੁਰੰਤ ਬਣਦੀ  ਜ਼ਿੰਮੇਵਾਰੀ  ਨਿਭਾਉਣ  ਵਿਚ  ਅੱਗੇ  ਆ  ਜਾਂਦੇ  ਤਾਂ  ਕਿਸਾਨ  ਅੰਦੋਲਨ  ਦੀ  ਸਮਾਪਤੀ  ਤੋਂ  ਬਾਅਦ ਕਾਇਮ  ਹੋਈ  ਫਿਰਕੂ  ਸਦਭਾਵਨਾ  ਤੇ  ਹਿੰਦੂ-ਸਿੱਖ  ਏਕਤਾ  ਨੂੰ  ਤੋੜਨ  ਦੀਆਂ  ਨਾਪਾਕ  ਸਾਜ਼ਿਸ਼ਾਂ  ਕਰਨ ਵਾਲਿਆਂ  ਦੇ  ਮੂੰਹ  ‘ਤੇ  ਕਰਾਰੀ  ਚਪੇੜ  ਵੱਜਣੀ  ਸੀ। 

ਸਿੱਖਾਂ  ਵਿਚ  ਇਹ  ਚਿੰਤਾ  ਵੀ  ਤੇਜ਼ੀ  ਨਾਲ  ਪ੍ਰਬਲ  ਹੋ  ਰਹੀ  ਹੈ  ਕਿ  ਜੇਕਰ  ਸਾਡੇ  ਵਿਸ਼ਵਾਸ  ਤੇ ਸ਼ਰਧਾ  ਸਾਡੇ  ਕੇਂਦਰੀ  ਅਸਥਾਨ  ਸੱਚਖੰਡ  ਸ੍ਰੀ  ਹਰਿਮੰਦਰ  ਸਾਹਿਬ  ਵਿਖੇ  ਹੀ  ਸੁਰੱਖਿਅਤ  ਨਹੀਂ ਹਨ ਤਾਂ  ਫਿਰ  ਸਿੱਖ  ਆਪਣੇ  ਆਪ  ਨੂੰ  ਹੋਰ  ਕਿੱਥੇ  ਮਹਿਫੂਜ਼  ਸਮਝ  ਸਕਣਗੇ।

੨. ਸੱਚਖੰਡ  ਸ੍ਰੀ  ਹਰਿਮੰਦਰ  ਸਾਹਿਬ ਸ੍ਰੀ ਦਰਬਾਰ  ਸਾਹਿਬ ਵਿਖੇ ਮਰਿਯਾਦਾ  ਦੇ  ਖੰਡਨ ਕਰਨ  ਦੀ ਨਾ-ਪਾਕ ਕੋਸ਼ਿਸ਼  ਦੇ ਮੱਦੇਨਜਰ  ਸਮੂਹ  ਗੁਰੂ  ਖਾਲਸਾ  ਪੰਥ  ਨੂੰ  ਅਪੀਲ  ਹੈ  ਕਿ  ਘਟੀਆਂ  ਕਿਸਮ  ਦੀ ਰਾਜਨੀਤਿਕ,  ਘਨੋਣੀ ਸਾਜਿਸ਼ ਤਹਿਤ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ   ਅਤੇ ਸੰਪਰਦਾਵਾਂ  ਜੋ  ਸਿੱਖ  ਕੌਮ  ਦੀ  ਤਾਕਤ ਹਨ ਨੂੰ ਖਤਮ  ਕਰਨ ਦੇ ਮਨਸੂਬੇ  ਪੂਰੇ  ਕਰਨ  ਲਈ  ਲਗਾਤਾਰ ਸਿੱਖ  ਧਾਰਮਿਕ  ਅਸਥਾਨਾਂ  ‘ਤੇ  ਸ੍ਰੀ  ਗੁਰੂ  ਗ੍ਰੰਥ  ਸਾਹਿਬ  ਜੀ  ਦੇ  ਮਾਣ-ਸਨਮਾਨ  ਨੂੰ  ਢਾਹ  ਲਗਾਉਣ  ਦਾ ਯਤਨ ਹੋ  ਰਿਹਾ  ਹੈ।ਇਸ  ਕਾਰਜ  ਲਈ  ਔਰਤਾਂ,  ਬੱਚਿਆਂ  ਅਤੇ  ਨੀਮ  ਪਾਗਲਾਂ  ਨੂੰ  ਸ਼ਾਮਲ  ਕਰਨ  ਦਾ ਖਦਸ਼ਾ   ਹੈ   ਜਾਂ   ਘਟਨਾ  ਤੋਂ  ਬਾਅਦ  ਪਾਗਲ  ਕਰਾਰ ਦੇ ਦਿੱਤਾ   ਜਾਂਦਾ   ਹੈ।ਇਸ  ਲਈ  ਹਰੇਕ ਗੁਰਦੁਆਰਾ  ਪ੍ਰਬੰਧਕ  ਕਮੇਟੀਆਂ  ਗੁਰੂ  ਘਰਾਂ  ਦੀ  ਸੁਰੱਖਿਆ  ਦੇ  ਢੁਕਵੇਂ  ਤੇ  ਲੋੜੀਂਦੇ  ਪ੍ਰਬੰਧ ਕਰਨ।

੩.    ਸੂਬਾ  ਸਰਹਿੰਦ  ਦੇ  ਨਵਾਬ  ਵਜ਼ੀਰ  ਖਾਨ  ਵੱਲੋਂ  ਪੋਹ  ਮਹੀਨੇ  ਦੀ  ਹੱਡ  ਚੀਰਵੀ ਕੜਕਦੀ  ਠੰਡ  ਵਿਚ ਸਰਬੰਸ-ਦਾਨੀ  ਸਾਹਿਬ  ਸ੍ਰੀ  ਗੁਰੂ  ਗੋਬਿੰਦ  ਸਿੰਘ  ਜੀ  ਦੀ  ਮਾਤਾ  ‘ਮਾਤਾ  ਗੁਜਰੀ  ਜੀ  ਅਤੇ  ਛੋਟੇ ਸਾਹਿਬਜਾਦਿਆਂ’  ਨੂੰ  ਠੰਡੇ  ਬੁਰਜ  ਵਿੱਚ  ਕੈਦ  ਕਰਕੇ  ਰੱਖਿਆ  ਗਿਆ  ਸੀ  ਤੇ  ਉਸ  ਵੱਲੋਂ  ਜਾਰੀ  ਕੀਤੇ ਫ਼ਤਵੇ  ਉਪਰੰਤ  13  ਪੋਹ  ਨੂੰ  ਕਲਗੀਧਰ  ਪਾਤਸ਼ਾਹ  ਦੇ  ਲਖਤੇ  ਜ਼ਿਗਰ  ‘ਬਾਬਾ  ਜੋਰਾਵਰ  ਸਿੰਘ  ਜੀ  ਤੇ ਬਾਬਾ  ਫ਼ਤਹਿ  ਸਿੰਘ  ਜੀ’  ਨੂੰ  ਜਲਾਦਾ  ਵੱਲੋਂ  ਸਰਹਿੰਦ  ਵਿਖੇ  ਸ਼ਹੀਦ  ਕੀਤਾ  ਗਿਆ।

ਇਸ  ਲਾਸਾਨੀ ਸ਼ਹਾਦਤ  ਨੇ  ਸਿੱਖ  ਕੌਮ  ਅੰਦਰ  ਇੱਕ  ਅਦੁੱਤੀ  ਮਿਸਾਲ  ਕਾਇਮ  ਕੀਤੀ  ਕਿ  ਦੁਨੀਆਂ  ਭਰ  ਵਿੱਚ  ਵਸਦੇ ਸਮੂਹ  ਗੁਰੂ  ਨਾਨਕ  ਨਾਮ  ਲੇਵਾ  ਸਿੱਖ  ਸੰਗਤ  ਆਪਣੇ  ਧਰਮ  ਪ੍ਰਤੀ  ਦ੍ਰਿੜ੍ਹ  ਹੋਵੇ।ਹਰ  ਸਾਲ  ਦੀ  ਤਰ੍ਹਾਂ ਇਸ  ਸਾਲ  ਵੀ  ਗੁਰਦੁਆਰਾ  ਸ੍ਰੀ  ਫ਼ਤਹਿਗੜ੍ਹ  ਸਾਹਿਬ  ਵਿਖੇ  27  ਦਸੰਬਰ  ਨੂੰ  ਸ਼ਹੀਦੀ  ਸਭਾ  ਦਾ ਆਯੋਜਨ  ਕੀਤਾ  ਜਾ  ਰਿਹਾ  ਹੈ।  ਜਿਸ  ਵਿੱਚ  ਦੇਸ-ਵਿਦੇਸ਼  ਤੋਂ  ਲੱਖਾਂ  ਦੀ  ਗਿਣਤੀ  ਵਿੱਚ  ਸੰਗਤਾਂ  ਇਸ ਪਾਵਨ  ਪਵਿੱਤਰ  ਅਸਥਾਨ  ਤੇ  ਨਤਮਸਤਕ  ਹੋਣ  ਲਈ  ਪੁੱਜਦੀਆ  ਹਨ।

 ਉਨ੍ਹਾਂ ਇਸ ਲਾਸਾਨੀ ਸ਼ਹਾਦਤ  ਨੂੰ ਸੱਚੀ ਸੁੱਚੀ ਸ਼ਰਧਾਂਜਲੀ  ਭੇਂਟ ਕਰਨ ਲਈ  ਸ਼੍ਰੋਮਣੀ ਗੁਰਦੁਆਰਾ   ਪ੍ਰਬੰਧਕ   ਕਮੇਟੀ,   ਦਿੱਲੀ   ਸਿੱਖ   ਗੁਰਦੁਆਰਾ   ਪ੍ਰਬੰਧਕ   ਕਮੇਟੀ,   ਸਮੂਹ   ਗੁਰਦੁਆਰਾ ਪ੍ਰਬੰਧਕ  ਕਮੇਟੀਆਂ,  ਸਿੰਘ  ਸਭਾਵਾਂ,  ਟਕਸਾਲਾਂ,  ਧਾਰਮਿਕ  ਜਥੇਬੰਦੀਆਂ  ਅਤੇ  ਹਰੇਕ  ਮਾਈ  ਭਾਈ ਨੂੰ ਅਪੀਲ ਕੀਤੀ ਕਿ 27  ਦਸੰਬਰ ਨੂੰ ਸਵੇਰੇ 10 ਵਜੇੇ ਘਟ ਤੋਂ ਘੱਟ 5 ਮਿੰਟ ਮੂਲਮੰਤਰ ਦਾ  ਜਾਪ ਕੀਤਾ ਜਾਵੇ ਅਤੇ  ਆਪਣੇ  ਬੱਚੇ-ਬੱਚੀਆਂ  ਖਾਸ  ਕਰਕੇ  ਨੌਜਵਾਨ  ਪੀੜੀ  ਨੂੰ  ਅਜਿਹੇ  ਸ਼ਹੀਦੀ  ਦਿਹਾੜਿਆਂ  ਤੇ ਸ਼ਹੀਦਾਂ  ਦੀਆਂ  ਗਾਥਾਵਾਂ  ਤੋਂ  ਜਾਣੂੰ  ਕਰਵਾਉਣ  ਤਾਂ  ਕਿ  ਉਹ  ਨਸ਼ਿਆਂ  ਤੇ  ਪੱਤਿਤ-ਪੁਣੇ  ਦਾ  ਤਿਆਗ ਕਰਕੇ  ਬਾਣੀ  ਤੇ  ਬਾਣੇ  ਦੇ  ਧਾਰਨੀ  ਹੋਣ  ਲਈ  ਪ੍ਰੇਰਿਤ  ਹੋਣ।ਇਹ  ਹੀ  ਉਹਨਾਂ  ਮਹਾਨ  ਸ਼ਹੀਦਾਂ  ਨੂੰ ਸੱਚੀ-ਸੁੱਚੀ  ਸਰਧਾਂਜਲੀ  ਹੋਵੇਗੀ।