ਸਿਆਸਤ ਵਿਚ ਆਉਣ ਬਾਰੇ ਹਰਭਜਨ ਸਿੰਘ ਨੇ ਦਿਤਾ ਸਪੱਸ਼ਟੀਕਰਨ
'ਪੰਜਾਬ ਦੀ ਸੇਵਾ ਕਰਾਂਗਾ ਭਾਵੇਂ ਸਿਆਸਤ ਵਿਚ ਆ ਕੇ ਕਰਾਂ ਜਾਂ ਕਿਸੇ ਹੋਰ ਢੰਗ ਨਾਲ ਪਰ ਅਜੇ ਕੋਈ ਫ਼ੈਸਲਾ ਨਹੀਂ ਲਿਆ'
ਚੰਡੀਗੜ੍ਹ : ਹਰਭਜਨ ਸਿੰਘ ਦੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਦੇ ਸਿਆਸਤ ਵਿਚ ਆਉਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਇਸ ਬਾਰੇ ਅੱਜ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕ੍ਰਿਕਟ ਨੂੰ ਅਲਵਿਦਾ ਕਿਹਾ ਹੈ ਪਰ ਸਿਆਸਤ ਵਿਚ ਆਉਣ ਦਾ ਅਜੇ ਕੋਈ ਵਿਚਾਰ ਨਹੀਂ ਹੈ।
ਉਨ੍ਹਾਂ ਕਿਹਾ, ''ਮੈਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਜਾਣਦਾ ਹਾਂ। ਪੰਜਾਬ ਦੀ ਸੇਵਾ ਕਰਾਂਗਾ ਭਾਵੇਂ ਸਿਆਸਤ ਵਿਚ ਆ ਕੇ ਕਰਾਂ ਜਾਂ ਕਿਸੇ ਹੋਰ ਢੰਗ ਨਾਲ ਪਰ ਅਜੇ ਕੋਈ ਫ਼ੈਸਲਾ ਨਹੀਂ ਲਿਆ। ਜੇਕਰ ਮੈਂ ਕਿਸੇ ਪਾਰਟੀ ਵਿਚ ਸ਼ਾਮਲ ਹੋਵਾਂਗਾ ਤਾਂ ਮੈਂ ਪਹਿਲਾਂ ਹੀ ਐਲਾਨ ਕਰਾਂਗਾ।''
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਵੀ ਕੀਤੀ ਸੀ ਜਿਸ ਦੀ ਇਕ ਤਸਵੀਰ ਨਵਜੋਤ ਸਿੱਧੂ ਨੇ ਆਪਣੇ ਟਵਿਟਰ ਹੈਂਡਲ ਜੇ ਸਾਂਝੀ ਵੀ ਕੀਤੀ ਸੀ।
ਉਨ੍ਹਾਂ ਦੀ ਇਸ ਤਸਵੀਰ ਨੂੰ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਅਤੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਹਰਭਜਨ ਸਿੰਘ ਹੁਣ ਸਿਆਸਤ ਵਿਚ ਐਂਟਰੀ ਕਰਨਗੇ। ਇਨ੍ਹਾਂ ਸਾਰੀਆਂ ਕਿਆਸਰਾਈਆਂ ਨੂੰ ਵਿਰਾਮ ਲਗਾਉਂਦਿਆਂ ਅਜੇ ਹਰਭਜਨ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਜੇ ਸਿਆਸਤ ਵਿਚ ਜਾਣ ਦਾ ਕੋਈ ਫ਼ੈਸਲਾ ਨਹੀਂ ਕੀਤਾ ਹੈ ਅਤੇ ਉਹ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ।