ਕਲਯੁਗੀ ਮਾਂ ਨੇ ਕੜਾਕੇ ਦੀ ਠੰਡ 'ਚ ਬਾਹਰ ਸੁੱਟੀ ਨਵਜੰਮੀ ਬੱਚੀ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

Newborn baby 

 

ਪਟਿਆਲਾ : ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਜਾਂਦੇ ਹਨ, ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਇਹ ਗੱਲ ਕਹਿਣ ਨੂੰ ਹੀ ਹੈ। ਅਸਲ ਵਿੱਚ ਕਈ ਮਾਪੇ ਵੀ ਕੁਮਾਪੇ ਹੋ ਜਾਂਦੇ ਹਨ। ਦਰਅਸਲ ਇਕ ਬੇਰਹਿਮ ਮਾਂ  ਨੇ ਆਪਣੀ ਬੱਚੀ ਨੂੰ ਲਿਫ਼ਾਫ਼ੇ ਵਿਚ ਪਾ ਕੇ ਬਾਹਰ ਸੁੱਟ ਦਿੱਤਾ। ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਇਹ ਖ਼ਬਰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਹੈ।

 

ਜਿਥੇ ਇਕ ਬੇਰਹਿਮ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਐਮਰਜੈਂਸੀ ਕੋਲ ਬਾਥਰੂਮਾਂ ਨੇੜੇ ਲਿਫ਼ਾਫ਼ੇ ’ਚ ਪਾ ਕੇ ਸੁੱਟ ਦਿੱਤਾ, ਜਿਸ ਦੀ ਠੰਡ ਕਾਰਨ ਮੌਤ ਹੋ ਗਈ। ਇਸ ਨਵਜੰਮੀ ਬੱਚੀ ਦਾ ਕਸੂਰ ਸਿਰਫ਼ ਇੰਨਾ ਹੀ ਹੈ ਕਿ ਉਸ ਦਾ ਜਨਮ ਲੜਕੀ ਦੇ ਰੂਪ 'ਚ ਹੋਇਆ ਹੈ।

ਇਸ ਨਵਜੰਮੇ ਬੱਚੇ ਨੂੰ ਸਫ਼ਾਈ ਸੇਵਕ ਨੇ ਦੇਖਿਆ ਤੇ ਤੁਰੰਤ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀਆਂ ਜਾ ਰਹੀਆਂ ਹਨ ਪਰ ਅਜੇ ਤੱਕ ਇਸ ਮਾਮਲੇ ’ਚ ਕੋਈ ਸੁਰਾਗ ਹੱਥ ਨਹੀਂ ਲੱਗਿਆ ਹੈ।