ਲੁਧਿਆਣਾ ਬੰਬ ਧਮਾਕੇ ਦੀ ਜਾਂਚ ਵਿਚ ਹੋ ਰਹੇ ਹਨ ਵੱਡੇ ਖ਼ੁਲਾਸੇ, ਅੰਤਰ-ਰਾਸ਼ਟਰੀ ਪੱਧਰ 'ਤੇ ਸਨ ਸੰਪਰਕ
ਹੈਰੋਇਨ ਤਸਕਰੀ ਦੇ ਇਸ ਮਾਮਲੇ ਵਿਚ ਜੇਲ੍ਹ ਜਾਣ ਮਗਰੋਂ ਗਗਨਦੀਪ ਦੇ ਤਾਰ ਬੱਬਰ ਖ਼ਾਲਸਾ ਨਾਲ ਜੁੜੇ ਦੱਸੇ ਜਾ ਰਹੇ ਹਨ।
ਖੰਨਾ : ਬੀਤੇ ਦਿਨੀ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਦੀ ਜਾਂਚ ਚਲ ਰਹੀ ਹੈ ਅਤੇ ਐਨ.ਆਈ.ਏ. ਵਲੋਂ ਵੱਡੇ ਖ਼ੁਲਾਸੇ ਕੀਤੇ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਲੈਣ ਲਈ ਸਪੋਕੇਸਮੈਨ ਦੀ ਟੀਮ ਇਸ ਘਟਨਾ ਦੇ ਦੋਸ਼ੀ ਗਗਨਦੀਪ ਸਿੰਘ ਦੇ ਘਰ ਪਹੁੰਚੀ ਜਿਥੇ ਬੀਤੀ ਰਾਤ ਏਜੰਸੀਆਂ ਵਲੋਂ ਉਕਤ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।
ਦੱਸ ਦੇਈਏ ਕਿ ਗਗਨਦੀਪ ਸਿੰਘ ਸਾਲ 2019 ਵਿਚ ਹੈਰੋਇਨ ਤਸਕਰੀ 'ਚ ਫੜ੍ਹਿਆ ਗਿਆ ਸੀ ਅਤੇ ਉਸ ਵੇਲੇ ਉਹ ਥਾਣਾ ਸਦਰ ਵਿਚ ਬਤੌਰ ਹੈਡ ਮੁਨਸ਼ੀ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਹੈਰੋਇਨ ਤਸਕਰੀ ਦੇ ਇਸ ਮਾਮਲੇ ਵਿਚ ਜੇਲ੍ਹ ਜਾਣ ਮਗਰੋਂ ਗਗਨਦੀਪ ਦੇ ਤਾਰ ਬੱਬਰ ਖ਼ਾਲਸਾ ਨਾਲ ਜੁੜੇ ਦੱਸੇ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਬੈਠੇ ਬੱਬਰ ਖ਼ਾਲਸਾ ਦੇ ਮੁਖੀ ਵਧਾਵਾ ਸਿੰਘ ਵਲੋਂ ਰਿੰਦਾ ਸੰਧੂ ਦੇ ਰਾਹੀਂ ਪੰਜਾਬ ਅਤੇ ਭਾਰਤ ਵਿਚ ਦਹਿਸ਼ਤ ਫ਼ੈਲਾਉਣ ਦੇ ਮਨਸੂਬੇ ਬਣਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਰਿੰਦਾ ਸੰਧੂ ਦੇ ਸੰਪਰਕ ਵਿਚ ਸੀ। ਇਨ੍ਹਾਂ ਹੀ ਨਹੀਂ ਲੁਧਿਆਣਾ ਤੋਂ ਮਿਲੀ ਡੋਂਗਲ ਵਿਚ ਅੰਤਰ ਰਾਸ਼ਟਰੀ ਕਾਲਾਂ ਹੋਣ ਦਾ ਵੇਰਵਾ ਵੀ ਮਿਲਿਆ ਹੈ। ਐਨ.ਆਈ.ਏ. ਦੀ ਜਾਂਚ ਵਿਚ ਆਇਆ ਹੈ ਕਿ ਗਗਨਦੀਪ ਸਿੰਘ ਨੇ ਕਰੀਬ ਤਿੰਨ ਅੰਤਰ-ਰਾਸ਼ਟਰੀ ਕਾਲਾਂ ਕੀਤੀਆਂ ਸਨ ਜੋ ਕਿ ਰਿੰਦਾ ਸੰਧੂ ਨੂੰ ਕੀਤੀਆਂ ਗਈਆਂ ਸਨ।
ਇਹ ਵੀ ਜਾਣਕਾਰੀ ਹੈ ਕਿ ਇਨ੍ਹਾਂ ਕਾਲਾਂ ਰਾਹੀਂ ਪਾਕਿਸਤਾਨ ਵਿਚ ਬੈਠੇ ਵਿਅਕਤੀਆਂ ਵਲੋਂ ਗਗਨਦੀਪ ਸਿੰਘ ਨੂੰ ਨਿਰਦੇਸ਼ ਦੇ ਰਹੇ ਸਨ ਕਿ ਕਿਸ ਤਰੀਕੇ ਬੰਬ ਨੂੰ ਲਗਾਉਣਾ ਹੈ ਅਤੇ ਧਮਾਕਾ ਕਰਨਾ ਹੈ। ਇਸ ਦੌਰਾਨ ਹੀ ਗਗਨਦੀਪ ਸਿੰਘ ਦੀ ਧਮਾਕੇ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਦੀ ਬਾਂਹ ’ਤੇ ਬਣੇ ਟੈਟੂ ਨੇ ਵੀ ਸ਼ਨਾਖ਼ਤ ਕਰਨ ਵਿਚ ਮਦਦ ਕੀਤੀ ਹੈ। ਸੂਤਰਾਂ ਅਨੁਸਾਰ ਗਗਨਦੀਪ ਸਿੰਘ ਦੇ ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਉਸ ਨੂੰ 2019 ਵਿਚ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਸੀ।
ਉਸ ਨੇ ਦੋ ਸਾਲ ਜੇਲ੍ਹ ਵੀ ਕੱਟੀ। ਉਹ ਸਤੰਬਰ ਵਿਚ ਜੇਲ੍ਹ ਤੋਂ ਰਿਹਾਅ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਨੂੰ ਐਸਟੀਐਫ ਨੇ ਅਗਸਤ 2019 ਵਿਚ 85 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਹ ਇਕ ਔਰਤ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕਰਦਾ ਸੀ। ਦੱਸ ਦੇਈਏ ਕਿ ਪਰਿਵਾਰਕ ਮੈਂਬਰਾਂ ਤੋਂ ਜਾਂਚ ਲਗਾਤਾਰ ਜਾਰੀ ਹੈ ਅਤੇ ਕਿਸੇ ਨੂੰ ਵੀ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ।