ਸੰਯੁਕਤ ਕਿਸਾਨ ਮੋਰਚੇ ਦੀ ਸਖ਼ਤ ਚਿਤਾਵਨੀ- 'ਕਿਸਾਨੀ ਮੰਗਾਂ ਲਈ ਬਣਿਆ ਮੋਰਚਾ ਨਹੀਂ ਲੜੇਗਾ ਚੋਣਾਂ'
'ਕੋਈ ਵੀ ਵਿਅਕਤੀ ਜਾਂ ਪਾਰਟੀ ਚੋਣਾਂ ਲਈ SKM ਜਾਂ 32 ਜਥੇਬੰਦੀਆਂ ਦੇ ਨਾਂ ਦੀ ਵਰਤੋਂ ਨਹੀਂ ਕਰ ਸਕਦੀ'
-ਹੁਕਮ-ਅਦੂਲੀ ਕਰਨ ਵਾਲਿਆਂ 'ਤੇ ਹੋਵੇਗੀ ਅਨੁਸ਼ਾਸਨੀ ਕਾਰਵਾਈ
ਦਰਜਨ ਦੇ ਕਰੀਬ ਵੱਡੀਆਂ ਜਥੇਬੰਦੀਆਂ ਨੇ ਜਨਤਕ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ (SKM) ਨੇ ਸਪਸ਼ਟ ਕੀਤਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਨਹੀਂ ਲੜ ਰਹੇ ਹਨ। ਇਹ ਜਾਣਕਾਰੀ ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਡਾ: ਦਰਸ਼ਨ ਪਾਲ ਨੇ ਦਿਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੀਆਂ 400 ਤੋਂ ਵੱਧ ਵੱਖ-ਵੱਖ ਵਿਚਾਰਧਾਰਕ ਜਥੇਬੰਦੀਆਂ ਦਾ ਮੰਚ ਹੈ, ਜੋ ਕਿ ਕਿਸਾਨਾਂ ਦੇ ਮੁੱਦਿਆਂ 'ਤੇ ਹੀ ਬਣਿਆ ਹੈ।
ਚੋਣਾਂ ਦੇ ਬਾਈਕਾਟ ਦਾ ਕੋਈ ਸੱਦਾ ਨਹੀਂ ਅਤੇ ਚੋਣ ਲੜਨ ਦੀ ਵੀ ਕੋਈ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਲੋਕਾਂ ਵਲੋਂ ਕੀਤੀ ਗਈ ਸੀ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਸੰਘਰਸ਼ ਮੁਲਤਵੀ ਕਰ ਦਿਤਾ ਗਿਆ ਹੈ, ਬਾਕੀ ਮੰਗਾਂ ਬਾਰੇ 15 ਜਨਵਰੀ 2022 ਨੂੰ ਹੋਣ ਵਾਲੀ ਮੀਟਿੰਗ ਵਿਚ ਫ਼ੈਸਲਾ ਕੀਤਾ ਜਾਵੇਗਾ।
ਪੰਜਾਬ ਦੀਆਂ 32 ਜਥੇਬੰਦੀਆਂ ਬਾਰੇ ਉਨ੍ਹਾਂ ਕਿਹਾ ਕਿ ਇਸ ਵਿਧਾਨ ਸਭਾ ਚੋਣ ਵਿਚ ਸਾਂਝੇ ਤੌਰ ’ਤੇ ਕੋਈ ਸਹਿਮਤੀ ਨਹੀਂ ਚੱਲ ਰਹੀ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਚੋਣਾਂ ਵਿਚ ਹਿੱਸਾ ਲੈਣ ਵਾਲੇ ਵਿਅਕਤੀ ਜਾਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਜਾਂ 32 ਜਥੇਬੰਦੀਆਂ ਦੇ ਨਾਂ ਦੀ ਵਰਤੋਂ ਨਹੀਂ ਕਰ ਸਕਦੀਆਂ। ਅਜਿਹਾ ਕਰਨ 'ਤੇ ਅਨੁਸ਼ਾਸਨੀ ਕਾਰਵਾਈ ਹੋਵੇਗੀ।
ਆਗੂਆਂ ਨੇ ਸਪੱਸ਼ਟ ਕੀਤਾ ਕਿ 32 ਜਥੇਬੰਦੀਆਂ ਦੇ ਸਾਹਮਣੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਡਾ. ਦਰਸ਼ਨਪਾਲ), ਬੀ.ਕੇ.ਯੂ ਕ੍ਰਾਂਤੀਕਾਰੀ (ਸੁਰਜੀਤ ਫੂਲ), ਬੀ.ਕੇ.ਯੂ ਸਿੱਧੂਪੁਰ (ਜਗਜੀਤ ਡੱਲੇਵਾਲ), ਆਜ਼ਾਦ ਕਿਸਾਨ ਕਮੇਟੀ ਦੋਆਬਾ (ਹਰਪਾਲ ਸੰਘਾ), ਜੈ ਕਿਸਾਨ ਅੰਦੋਲਨ (ਗੁਰਬਖਸ਼ ਬਰਨਾਲਾ), ਦਸੂਹਾ। ਗੰਨਾ ਸੰਘਰਸ਼ ਕਮੇਟੀ (ਸੁਖਪਾਲ ਡੱਫਰ), ਕਿਸਾਨ ਸੰਘਰਸ਼ ਕਮੇਟੀ ਪੰਜਾਬ (ਇੰਦਰਜੀਤ ਕੋਟਬੁੱਢਾ), ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ (ਬਲਦੇਵ ਸਿਰਸਾ) ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ (ਹਰਦੇਵ ਸੰਧੂ) ਨੇ ਚੋਣ ਲੜਨ ਵਿਰੁੱਧ ਸਪੱਸ਼ਟ ਸਟੈਂਡ ਲਿਆ ਹੈ।