ਅਰਵਿੰਦ ਕੇਜਰੀਵਾਲ ਨੂੰ ਮਿਲਣ ਅੰਮ੍ਰਿਤਸਰ ਪਹੁੰਚੇ ਰਾਜਾ ਵੜਿੰਗ, ਮੁਲਾਕਾਤ ਦੀ ਕੀਤੀ ਮੰਗ
ਮੈਂ ਚਾਹੁੰਦਾਂ ਹਾਂ ਕਿ ਪੰਜਾਬ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਤੱਕ ਜਾਣ ਤਾਂ ਜੋ NRI ਭਰਾਵਾਂ ਦੀ ਬਾਦਲਾਂ ਵਲੋਂ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।
ਅੰਮ੍ਰਿਤਸਰ : ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਪੰਜਾਬ ਦੀਆਂ ਬੱਸਾਂ ਨੂੰ ਦਿੱਲੀ ਵਿਚ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੇ ਹਨ।
ਦੱਸ ਦੇਈਏ ਕਿ ਰਾਜਾ ਵੜਿੰਗ ਬੀਤੇ ਦਿਨ ਦਿੱਲੀ ਸਥਿਤ ਕੇਜਰੀਵਾਲ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ ਪਰ ਉੱਥੇ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੀ, ਜਿਸ ਤੋਂ ਬਾਅਦ ਅੱਜ ਉਹ ਅੰਮ੍ਰਿਤਸਰ ਦੇ ਹਯਾਤ ਹੋਟਲ ਪਹੁੰਚ ਗਏ ਹਨ ਅਤੇ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਮੰਗ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ 13 ਚਿੱਠੀਆਂ ਲਿਖੀਆਂ ਹਨ ਪਰ ਉਨ੍ਹਾਂ ਵਲੋਂ ਕਿਸੇ ਚਿੱਠੀ ਦਾ ਵੀ ਜਵਾਬ ਨਹੀਂ ਦਿਤਾ ਗਿਆ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਤੋਂ ਇੱਕ ਸਵਾਲ ਕਰਨਾ ਚਾਹੁੰਦੇ ਹਨ ਕਿ ਉਹ ਪੰਜਾਬ ਰੋਡਵੇਜ਼ ਦੀਆਂ ਬੱਸਾਂ ਕਿਉਂ ਨਹੀਂ ਚੱਲਣ ਦਿੰਦੇ? ਮੈਂ ਚਾਹੁੰਦਾਂ ਹਾਂ ਕਿ ਪੰਜਾਬ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਤੱਕ ਜਾਣ ਤਾਂ ਜੋ ਐਨ.ਆਰ.ਆਈ. ਭਰਾਵਾਂ ਦੀ ਪ੍ਰਾਈਵੇਟ ਕੰਪਨੀ ਯਾਨੀ ਕਿ ਬਾਦਲਾਂ ਵਲੋਂ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਪੰਜਾਬ ਦੇ ਦੋ ਦਿਨਾਂ ਦੌਰੇ 'ਤੇ ਹਨ। ਕੱਲ੍ਹ ਉਹ ਗੁਰਦਾਸਪੁਰ ਵਿਚ ਸਨ ਅਤੇ ਅੱਜ ਉਹ ਅੰਮ੍ਰਿਤਸਰ ਵਿਚ ਰਹਿਣਗੇ। ਦੱਸ ਦੇਈਏ ਕਿ ਰਾਜਾ ਵੜਿੰਗ ਬੱਸਾਂ ਦੇ ਮੁੱਦੇ 'ਤੇ ਗੱਲ ਕਰਨ ਲਈ ਕੇਜਰੀਵਾਲ ਦੇ ਘਰ ਦੇ ਬਾਹਰ ਪਹੁੰਚੇ ਸਨ, ਜਿਸ ਦੌਰਾਨ ਉਨ੍ਹਾਂ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਖ਼ਰ ਕੇਜਰੀਵਾਲ ਦੀ ਬਾਦਲ ਪਰਿਵਾਰ ਨਾਲ ਕੀ ਸਾਂਝ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਨਹੀਂ ਚੱਲਣ ਦਿਤਾ ਗਿਆ ਅਤੇ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਹਵਾਈ ਅੱਡੇ 'ਤੇ ਜਾਣ ਦੀ ਖੁੱਲ੍ਹੀ ਇਜਾਜ਼ਤ ਹੈ।