ਸਿਰਫ ਬਾਦਲਾਂ ਦੀਆਂ ਬੱਸਾਂ ਹੀ Delhi ਤੱਕ ਕਿਉਂ ਆਉਂਦੀਆਂ ਨੇ?: ਰਾਜਾ ਵੜਿੰਗ ਦਾ ਕੇਜਰੀਵਾਲ ਨੂੰ ਸਵਾਲ
ਕੇਜਰੀਵਾਲ ਨੇ ਮੈਨੂੰ ਚਾਹ-ਪਾਣੀ ਤੱਕ ਨਹੀਂ ਪੁੱਛਿਆ, ਅਸੀਂ ਵੀ ਪੰਜਾਬ 'ਚ ਏਦਾਂ ਹੀ ਕਰਾਂਗੇ : Raja Warring
ਅ੍ਰੰਮਿਤਸਰ : ਪੰਜਾਬ ਦੀਆਂ ਪਨਬਸਾਂ ਨੂੰ ਦਿੱਲੀ ਹਵਾਈ ਅੱਡੇ ਤਕ ਜਾਣ ਦੀ ਇਜਾਜ਼ਤ ਨਾ ਹੋਣ ਕਰ ਕੇ ਰਾਜਾ ਵੜਿੰਗ ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਦਿੱਲੀ ਗਏ ਸਨ ਪਰ ਉਹਨਾਂ ਦੀ ਉੱਥੇ ਮੁਲਾਕਾਤ ਨਹੀਂ ਹੋ ਸਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਧਰਨਾ ਲਗਾਇਆ ਸੀ ਤੇ ਉਹਨਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ ਸੀ। ਅੱਜ ਉਹ ਫਿਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਅ੍ਰੰਮਿਤਸਰ ਦੇ ਹੋਟਲ ਪਹੁੰਚੇ ਹਨ ਕਿਉਂਕਿ ਕੇਜਰੀਵਾਲ ਵੀ ਦੋ ਦਿਨਾਂ ਦੌਰੇ 'ਤੇ ਪੰਜਾਬ ਵਿਚ ਹਨ। ਇਸ ਮੁੱਦੇ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਕੱਲ੍ਹ ਸਵੇਰ ਤੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਕਰ ਕੇ ਕੇਜਰੀਵਾਲ ਦੇ ਘਰ ਦੇ ਬਾਹਰ ਬੈਠੇ ਸਨ
ਪਰ ਉੱਥੇ ਕਿਸੇ ਨੇ ਵੀ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ। ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਕੇਜਰੀਵਾਲ ਦੇ ਘਰ ਇਕ ਵੀ ਆਮ ਵਿਅਕਤੀ ਉਹਨਾਂ ਨੂੰ ਮਿਲਣ ਲਈ ਨਹੀਂ ਆਇਆ ਹਾਲਾਂਕਿ ਹੋਰ ਬਹੁਤ ਜਿਵੇਂ ਕਿ ਕੋਈ ਰਿਪੇਅਰ ਵਾਲਾ ਟਾਈਲਾਂ ਵਾਲਾ ਇਹ ਸਭ ਆ ਰਹੇ ਨੇ ਤੇ ਕੋਈ ਵੀ ਆਮ ਵਿਅਕਤੀ ਨਹੀਂ ਆਇਆ। ਉਹਨਾਂ ਕਿਹਾ ਕਿ ਆਸ-ਪਾਸ ਦੇ ਲੋਕ ਦੱਸ ਰਹੇ ਹਨ ਕਿ ਅੰਦਰ 7 ਤੋਂ 8 ਕਰੋੜ ਤੱਕ ਦਾ ਸਵੀਮਿੰਗ ਪੂਲ ਬਣ ਰਿਹਾ ਹੈ ਤੇ ਕੇਜਰੀਵਾਲ ਦਾ ਢਾਈ ਏਕੜ ਵਿਚ ਇਹ ਬੰਗਲਾ ਹੈ ਜੋ ਪਹਿਲਾਂ ਕਹਿੰਦੇ ਸੀ ਕਿ ਅਸੀਂ ਸਰਕਾਰੀ ਬੰਗਲਾ ਨਹੀ ਲਵਾਂਗੇ, ਕੇਜਰੀਵਾਲ ਤਾਂ ਇਹ ਵੀ ਕਹਿੰਦੇ ਸੀ ਕਿ ਅਸੀਂ ਸਿਕਿਊਰਟੀ ਨਹੀਂ ਲਵਾਂਗੇ ਪਰ ਜਿੱਥੇ ਉਹ ਬੈਠੇ ਸਨ ਉਹ ਸਿਕਿਊਰਟੀ ਦਾ ਹੀ ਸ਼ੈੱਡ ਸੀ।
ਬੱਸਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇੰਡੋ ਕੈਨੇਡੀਅਨ ਬੱਸ ਗਲਤ ਪਰਮਿਟ ਨਾਲ ਦਿੱਲੀ ਆਉਂਦੀ ਹੈ ਤੇ ਐੱਨਆਰਆਈ ਭਰਾਵਾਂ ਤੋਂ 3000 ਰੁਪਏ ਲਿਆ ਜਾਂਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇ ਮੈਂ ਸਰਕਾਰੀ ਬੱਸ ਚਲਾਵਾ ਤਾਂ ਸਿਰਫ਼ 1200 ਰੁਪਏ ਲਵਾਂ ਪਰ ਸਰਕਾਰੀ ਬੱਸ ਨੂੰ ਇਜ਼ਾਜਤ ਹੀ ਨਹੀਂ ਹੈ ਤੇ ਸੁਖਬੀਰ ਬਾਦਲ ਦੀ ਬੱਸ ਨੂੰ ਇਜ਼ਾਜਤ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਜੀ ਨੂੰ ਮੇਰੇ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਤਾਂ ਹੀ ਉਹ ਉਹਨਾਂ ਦਾ ਪਿੱਛਾ ਛੱਡਣਗੇ ਨਹੀਂ ਤਾਂ ਭੁੱਲ ਜਾਣ ਕਿ ਪਿੱਛਾ ਛੁੱਟੇਗਾ। ਇਸ ਦੇ ਨਾਲ ਹੀ ਮਜੀਠੀਆ ਨੂੰ ਲੈ ਕੇ ਉਹਨਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਮਜੀਠੀਆ ਨੂੰ ਲੈ ਕੇ ਵਾਰ-ਵਾਰ ਰੰਗ ਬਦਲ ਰਹੇ ਹਨ
ਕਿਤੇ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਸਰਕਾਰ ਬਣਨ 'ਤੇ ਜੇਲ੍ਹ ਅੰਦਰ ਕਰ ਦਵਾਂਗਾ ਤੇ ਕਿਤੇ ਉਹਨਾਂ ਨੂੰ ਜੀ-ਜੀ ਕਹਿ ਕੇ ਬਲਾਉਂਦੇ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਅਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ ਇਕ ਪਾਸਾ ਕਰਨਾ ਚਾਹੀਦਾ ਹੈ ਗਿਰਗਿਟ ਵਾਂਗ ਰੰਗ ਨਹੀਂ ਬਦਲਣਾ ਚਾਹੀਦਾ। ਉਹਨਾਂ ਨੇ ਕੇਜਰੀਵਾਲ ਨੂੰ ਹੰਕਾਰੀ ਦੱਸਦੇ ਹੋਏ ਕਿਹਾ ਕਿ ਮੈਂ ਇੰਨਾ ਹੰਕਾਰੀ ਵਿਅਕਤੀ ਨੀ ਦੇਖਿਆ ਕਿ ਜਿਸ ਨੇ ਸਾਨੂੰ ਬਾਹਰ ਬਿਠਾ ਕੇ ਰੱਖਿਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਇਕ ਸ਼ਬਦ ਵੀ ਨਹੀਂ ਕਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹੰਕਾਰੀ ਬੰਦੇ ਨੂੰ ਪਸੰਦ ਨਹੀਂ ਕਰਨਗੇ ਪਰ ਲੋਕ ਇਹ ਜ਼ਰੂਰ ਕਹਿਣਗੇ ਕਿ ਦਿੱਲੀ ਪੰਜਾਬ ਦਾ ਮੰਤਰੀ ਗਿਆ ਸੀ ਉਸ ਨੂੰ ਅੰਦਰ ਜ਼ਰੂਰ ਬਿਠਾਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਜੇ ਪੰਜਾਬੀ ਦਾ ਸਤਿਕਾਰ ਹੋਵੇਗਾ ਤਾਂ ਪੰਜਾਬ ਵਾਸੀ ਉਙਨਾਂ ਨੂੰ ਅਪਣਾਉਣਗੇ ਨਹੀਂ ਤਾਂ ਨਹੀਂ।