ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰੇਗਾ ਭਾਰਤੀ ਟੀਮ ਦੀ ਕਪਤਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਲ 2015 'ਚ ਹਰਮਨਪ੍ਰੀਤ ਜੂਨੀਅਰ ਏਸ਼ੀਆ ਕੱਪ ਟੀਮ ਦਾ ਹਿੱਸਾ ਸਨ

Harmanpreet Singh

 

ਨਵੀਂ ਦਿੱਲੀ- ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ 13 ਜਨਵਰੀ ਤੋਂ ਓਡੀਸ਼ਾ ’ਚ ਹੋਣ ਵਾਲੇ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ’ਚ 18 ਮੈਂਬਰੀ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਡਿਫੈਂਡਰ ਅਮਿਤ ਰੋਹਿਦਾਸ ਟੀਮ ਦਾ ਉੱਪ ਕਪਤਾਨ ਹੋਵੇਗਾ। ਹਰਮਨਪ੍ਰੀਤ ਹਾਲ ਹੀ ’ਚ ਆਸਟ੍ਰੇਲੀਆ ਖਿਲਾਫ ਸੀਰੀਜ਼ ’ਚ ਵੀ ਟੀਮ ਦਾ ਕਪਤਾਨ ਸੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਟਾਂਗਰਾ ਕੋਲ ਸਥਿਤ ਪਿੰਡ ਤਿੰਮੋਵਾਲ ਦੇ ਰਹਿਣ ਵਾਲੇ ਹਰਮਨਪ੍ਰੀਤ ਇਸ ਸਮੇਂ ਬੈਂਗਲੁਰੂ 'ਚ ਟ੍ਰੇਨਿੰਗ ਕਰ ਰਹੇ ਹਨ। 

ਹਰਮਨਪ੍ਰੀਤ ਦੇ ਨਾਂ ਕਈ ਰਿਕਾਰਡ ਹਨ। ਸਾਲ 2015 'ਚ ਹਰਮਨਪ੍ਰੀਤ ਜੂਨੀਅਰ ਏਸ਼ੀਆ ਕੱਪ ਟੀਮ ਦਾ ਹਿੱਸਾ ਸਨ। ਟੀਮ ਨੇ ਇਸ ਪ੍ਰਤੀਯੋਗਿਤਾ 'ਚ ਸੋਨ ਤਮਗ਼ਾ ਜਿੱਤਿਆ ਸੀ। ਇਸ ਤੋਂ ਇਲਾਵਾ ਵਰਲਡ ਲੀਗ ਭੁਵਨੇਸ਼ਵਰ 2016-17 'ਚ ਸੋਨ ਤਮਗ਼ਾ, ਏਸ਼ੀਆ ਕੱਪ ਢਾਕਾ 2017 'ਚ ਸੋਨ ਤਮਗ਼ਾ, ਚੈਂਪੀਅਨਸ਼ਿਪ ਟਰਾਫੀ ਬ੍ਰੇਡਾ 'ਚ ਚਾਂਦੀ ਦਾ ਤਮਗ਼ਾ, ਟੋਕੀਓ ਓਲੰਪਿਕ-2020 'ਚ ਟੀਮ ਦਾ ਹਿੱਸਾ ਰਹੇ ਤੇ ਕਾਂਸੀ ਤਮਗ਼ਾ ਜਿੱਤਿਆ। ਇਸ ਤੋਂ ਇਲਾਵਾ ਉਹ ਹਾਕੀ ਲੀਗ 'ਚ ਵੀ ਖੇਡਦੇ ਰਹੇ ਤੇ ਸ਼ਾਨਦਰ ਜਿੱਤ ਦਰਜ ਕੀਤੀ ਹੈ।  

ਟੋਕੀਓ ਓਲੰਪਿਕ ’ਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਰਿਹਾ ਮਨਪ੍ਰੀਤ ਸਿੰਘ ਬਤੌਰ ਖਿਡਾਰੀ ਟੀਮ ’ਚ ਹੋਵੇਗਾ। ਕੋਚ ਗ੍ਰਾਹਮ ਰੀਡ ਅਲੱਗ-ਅਲੱਗ ਖਿਡਾਰੀਆਂ ਨੂੰ ਕਪਤਾਨੀ ਸੌਂਪਣ ਦੇ ਪੱਖ ’ਚ ਰਿਹਾ ਹੈ ਤਾਕਿ ਸੀਨੀਅਰ ਪੱਧਰ ’ਤੇ ਅਗਵਾਈ ਦਲ ਤਿਆਰ ਹੋ ਸਕੇ।ਵਿਸ਼ਵ ਕੱਪ ਟੀਮ ਦੀ ਚੋਣ ਬੈਂਗਲੁਰੂ ਸਥਿਤ ਸਾਈਂ ਕੇਂਦਰ ’ਚ 2 ਦਿਨਾ ਟ੍ਰਾਇਲ ਤੋਂ ਬਾਅਦ ਹੋਈ ਹੈ। 

ਟੀਮ ’ਚ ਨੌਜਵਾਨ ਅਤੇ ਤਜ਼ੁਰਬੇਕਾਰ ਖਿਡਾਰੀਆਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਦੀਆਂ ਨਜ਼ਰਾਂ ਵਿਸ਼ਵ ਕੱਪ ’ਚ ਭਾਰਤ ਦਾ ਲੰਮਾ ਇੰਤਜ਼ਾਰ ਖਤਮ ਕਰਨ ’ਚ ਲੱਗੀਆਂ ਹੋਣਗੀਆਂ। ਭਾਰਤੀ ਟੀਮ ਪਹਿਲਾ ਮੈਚ 13 ਜਨਵਰੀ ਨੂੰ ਰਾਓਊਰਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ’ਤੇ ਸਪੇਨ ਨਾਲ ਖੇਡੇਗੀ। ਇਸੇ ਮੈਦਾਨ ’ਤੇ ਉਸ ਨੇ ਦੂਜਾ ਮੈਚ ਇੰਗਲੈਂਡ ਨਾਲ ਖੇਡਣਾ ਹੈ, ਜਿਸ ਤੋਂ ਬਾਅਦ ਤੀਜਾ ਮੈਚ ਵੇਲਸ ਖਿਲਾਫ ਭੁਵਨੇਸ਼ਵਰ ’ਚ ਹੋਵੇਗਾ।