ਵੀਰ ਬਾਲ ਦਿਵਸ ’ਤੇ ਅਕਾਲੀ ਦਲ ਦਾ ਯੂ-ਟਰਨ ਫਿਰ ਬੇਨਕਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2019 'ਚ ਹਰਸਿਮਰਤ ਕੌਰ ਬਾਦਲ ਦੇ ਟਵੀਟ ਅਕਾਲੀਆਂ ਦੇ ਇਤਰਾਜ਼ਾਂ ਨੂੰ ਪੂਰੀ ਤਰ੍ਹਾਂ ਝੁਠਲਾਉਣ ਲਈ ਕਾਫ਼ੀ : ਪ੍ਰੋ. ਸਰਚਾਂਦ ਸਿੰਘ ਖਿਆਲਾ

Akali Dal's U-turn on Veer Bal Diwas exposed again

ਚੰਡੀਗੜ੍ਹ: ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ’ਬਾਲ ਦਿਵਸ’ ਵਜੋਂ ਮਨਾਏ ਜਾਣ ਸੰਬੰਧੀ ਅਕਾਲੀ ਦਲ ਵੱਲੋਂ ਅਤੀਤ ਵਿੱਚ ਕੀਤੀ ਗਈ ਵਕਾਲਤ ਅਤੇ ਅੱਜ ਜਤਾਏ ਜਾ ਰਹੇ ਇਤਰਾਜ਼ਾਂ ਵਿਚਕਾਰ ਮੌਜੂਦ ਸਪਸ਼ਟ ਵਿਰੋਧਭਾਸ਼ ਨੂੰ ਬੇਨਕਾਬ ਕਰਦੇ ਹੋਏ ਅੱਜ ਇਕ ਹੋਰ ਅਟੱਲ ਅਤੇ ਦਸਤਾਵੇਜ਼ੀ ਸਬੂਤ ਜਨਤਕ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਅਕਾਲੀ ਦਲ ਦੇ ਮੌਜੂਦਾ ਇਤਰਾਜ਼ਾਂ ਨੂੰ ਪੂਰੀ ਤਰ੍ਹਾਂ ਝੁਠਲਾ ਦੇਣ ਵਾਲਾ ਸਭ ਤੋਂ ਵੱਡਾ ਤੱਥ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਆਪਣੀ ਸਰਵਜਨਕ ਟਵੀਟ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ 14 ਨਵੰਬਰ 2019 ਨੂੰ, ਜਦੋਂ ਦੇਸ਼ ਭਰ ਵਿੱਚ ਬਾਲ ਦਿਵਸ ਮਨਾਇਆ ਜਾ ਰਿਹਾ ਸੀ, ਉਸ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਧਿਕਾਰਤ ਐਕਸ (ਟਵਿੱਟਰ) ਅਕਾਊਂਟ ਤੋਂ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਸਪਸ਼ਟ ਤੌਰ ’ਤੇ ਲਿਖਿਆ ਸੀ ਕਿ “ਬਾਲ ਦਿਵਸ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। ਹੱਕ, ਸੱਚ ਅਤੇ ਧਰਮ ਦੀ ਰਾਖੀ ਲਈ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਵਿਸ਼ਵ ਇਤਿਹਾਸ ਵਿੱਚ ਅਦੁੱਤੀ ਹੈ ਅਤੇ ਉਨ੍ਹਾਂ ਦੇ ਨਾਮ ’ਤੇ ਮਨਾਇਆ ਗਿਆ ਬਾਲ ਦਿਵਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸੇਧ ਦੇਵੇਗਾ।”  ਇਹ ਟਵੀਟ ਉਸ ਦਿਨ ਦੁਪਹਿਰ 2 ਵੱਜ ਕੇ 57 ਮਿੰਟ ’ਤੇ ਕੀਤੀ ਗਈ ਸੀ ਅਤੇ ਇਸ ਨਾਲ #ChildrensDay ਹੈਸ਼ਟੈਗ ਵੀ ਵਰਤਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਪੁਖ਼ਤਾ ਦਸਤਾਵੇਜ਼ੀ ਅਤੇ ਅਖ਼ਬਾਰੀ ਸਬੂਤਾਂ ਸਮੇਤ ਕਈ ਵਾਰ ਸਪਸ਼ਟ ਕਰ ਚੁੱਕੇ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਬਾਲ ਦਿਵਸ’ ਦੇ ਰੂਪ ਵਿੱਚ ਮਨਾਉਣ ਦੀ ਮੰਗ ਖ਼ੁਦ ਅਕਾਲੀ ਦਲ ਵੱਲੋਂ ਹੀ ਕੀਤੀ ਗਈ ਸੀ। ਪ੍ਰੋ. ਖਿਆਲਾ ਨੇ ਯਾਦ ਦਿਵਾਇਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਦਿੱਲੀ ਦੇ ਵਿਗਿਆਨ ਭਵਨ ਵਿੱਚ ਦਿਲੀ ਕਮੇਟੀ ਦੇ ਬੈਨਰ ਹੇਠ ਕਰਵਾਏ ਗਏ ਸੈਮੀਨਾਰ ਦੌਰਾਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ’ਬਾਲ ਦਿਵਸ’ ਵਜੋਂ ਦੇਸ਼ ਪੱਧਰ ’ਤੇ ਮਨਾਉਣ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕਰਨ ਦਾ ਐਲਾਨ ਸਰਵਜਨਕ ਤੌਰ ’ਤੇ ਕੀਤਾ ਗਿਆ ਸੀ, ਸਮਾਗਮ ਦੀਆਂ ਤਸਵੀਰਾਂ ਅਤੇ ਅਖ਼ਬਾਰੀ ਰਿਕਾਰਡ ਅੱਜ ਵੀ ਮੌਜੂਦ ਹਨ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੀ ਟਵੀਟ ਅਤੇ ਦਿੱਲੀ ਕਮੇਟੀ ਦਾ ਉਸ ਸਮੇਂ ਦਾ ਫ਼ੈਸਲਾ, ਅੱਜ ਦੇ ਅਕਾਲੀ ਦਲ ਦੇ ਇਤਰਾਜ਼ਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਅਤੇ ਇਹ ਬਿਨਾਂ ਕਿਸੇ ਸੰਦੇਹ ਦੇ ਸਾਬਤ ਕਰਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ’ਬਾਲ ਦਿਵਸ’ ਦੇ ਰੂਪ ਵਿੱਚ ਮਨਾਉਣ ਦੀ ਮੰਗ ਪਹਿਲਾਂ ਅਕਾਲੀ ਦਲ ਦੀ ਆਪਣੀ ਲੀਡਰਸ਼ਿਪ ਵੱਲੋਂ ਹੀ ਕੀਤੀ ਗਈ ਸੀ। ਇਨ੍ਹਾਂ ਅਟੱਲ ਸਬੂਤਾਂ ਦੇ ਬਾਵਜੂਦ ਅੱਜ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਆਪਣੇ ਹੀ ਪੁਰਾਣੇ ਸਟੈਂਡ ਤੋਂ ਮੁਨਕਰ ਹੋਣਾ ਸਿਰਫ਼ ਇੱਕ ਸਿਆਸੀ ਯੂ-ਟਰਨ ਨਹੀਂ, ਸਗੋਂ ਦੋਗਲਾਪਣ, ਮੌਕਾਪ੍ਰਸਤੀ ਅਤੇ ਸਿੱਖ ਭਾਵਨਾਵਾਂ ਨਾਲ ਖੇਡਣ ਦੀ ਨੰਗੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਅਕਾਲੀ ਦਲ ਦੀ ਆਪਣੀ ਲੀਡਰਸ਼ਿਪ ਵੱਲੋਂ ਇਹ ਮੰਗ ਸਰਵਜਨਕ ਤੌਰ ’ਤੇ ਰੱਖੀ ਗਈ ਸੀ, ਤਾਂ ਅੱਜ ਉਸੇ ਇਤਿਹਾਸਕ ਸੱਚ ਤੋਂ ਮੁਨਕਰ ਕਿਉਂ ਹੋਇਆ ਜਾ ਰਿਹਾ ਹੈ? ਕੀ ਇਹ ਸਿਰਫ਼ ਸਿਆਸੀ ਯੂ-ਟਰਨ ਨਹੀਂ, ਬਲਕਿ ਸਿੱਖ ਕੌਮ ਦੀ ਯਾਦਸ਼ਕਤੀ, ਸਮਝ ਅਤੇ ਭਾਵਨਾਵਾਂ ਨਾਲ ਭ੍ਰਾਂਤੀ ਪੈਦਾ ਕਰਨ ਦੀ ਕੋਸ਼ਿਸ਼ ਨਹੀਂ?
ਪ੍ਰੋ. ਖਿਆਲਾ ਨੇ ਸਪਸ਼ਟ ਕੀਤਾ ਕਿ ਛੋਟੇ ਸਾਹਿਬਜ਼ਾਦੇ ਬਾਲ ਅਵਸਥਾ ਵਿੱਚ ਧਰਮ, ਹੱਕ ਅਤੇ ਸੱਚ ਲਈ ਦਿੱਤੀ ਗਈ ਕੁਰਬਾਨੀ ਮਨੁੱਖੀ ਇਤਿਹਾਸ ਦੀ ਸਭ ਤੋਂ ਉੱਚੀ ਅਤੇ ਅਦੁੱਤੀ ਮਿਸਾਲ ਹੈ। ‘ਵੀਰ ਬਾਲ ਦਿਵਸ’ ਸ਼ਬਦ ਵੀਰਤਾ ਅਤੇ ਬਾਲਪਣ ਦਾ ਸਨਮਾਨ ਕਰਦਾ ਹੈ ਅਤੇ ਇਹ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 9 ਜਨਵਰੀ 2022 ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਸਨਮਾਨ ਵਿੱਚ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਉਣ ਦਾ ਜੋ ਇਤਿਹਾਸਕ ਐਲਾਨ ਕੀਤਾ ਗਿਆ, ਉਹ ਸਿਰਫ਼ ਇੱਕ ਸਰਕਾਰੀ ਘੋਸ਼ਣਾ ਨਹੀਂ, ਸਗੋਂ ਸਿੱਖ ਇਤਿਹਾਸ, ਸਿੱਖ ਭਾਵਨਾਵਾਂ ਅਤੇ ਰਾਸ਼ਟਰੀ ਸਚੇਤਨਾ ਨਾਲ ਜੁੜਿਆ ਇੱਕ ਗੰਭੀਰ ਅਤੇ ਦੂਰਗਾਮੀ ਫ਼ੈਸਲਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਵੀਰ ਬਾਲ ਦਿਵਸ’ ਦੇ ਨਾਮ ਨੂੰ ਲੈ ਕੇ ਇਤਰਾਜ਼ ਜਤਾਏ ਜਾ ਰਹੇ ਹਨ, ਜੋ ਉਸਦੀ ਆਪਣੀ ਪੁਰਾਣੀ ਸਥਿਤੀ ਨਾਲ ਸਿੱਧੀ ਟੱਕਰ ਵਿੱਚ ਹਨ।
ਉਨ੍ਹਾਂ ਅਕਾਲੀ ਦਲ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਮੌਕਾਪ੍ਰਸਤੀ ਛੱਡ ਕੇ ਸੱਚਾਈ ਨੂੰ ਸਵੀਕਾਰੇ, ਇਤਿਹਾਸਕ ਤੱਥਾਂ ਤੋਂ ਭੱਜਣ ਦੀ ਥਾਂ ਉਨ੍ਹਾਂ ਦਾ ਸਾਹਮਣਾ ਕਰੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਦੇਣ ਵਾਲੇ ਇਸ ਇਤਿਹਾਸਕ ਕਦਮ ਦਾ ਸਵਾਗਤ ਕਰੇ।