ਮਲੇਰਕੋਟਲਾ ਦੇ ਭੂਦਨ ਤੋਂ ਵੱਡੀ ਖ਼ਬਰ, ਧੀ ਨੇ ਮਾਂ ਤੇ ਪੁੱਤ ਸਮੇਤ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੀਡੀਓ ਵਿੱਚ 10 ਜਣਿਆਂ ਨੂੰ ਮੌਤ ਲਈ ਦੱਸਿਆ ਜ਼ਿੰਮੇਵਾਰ

Bhudan Malerkotla Suicide News

Bhudan Malerkotla Suicide News: ਮਲੇਰਕੋਟਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਭੂਦਨ ਵਿਚ ਧੀ ਨੇ ਮਾਂ ਤੇ ਪੁੱਤ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕਾਂ ਦੀ ਪਛਾਣ ਇੰਦਰਪਾਲ ਕੌਰ (31), ਉਸ ਦੇ ਪੁੱਤਰ ਜੌਰਡਨ ਸਿੰਘ (9) ਅਤੇ ਮਾਂ ਹਰਦੀਪ ਕੌਰ ਵਜੋਂ ਹੋਈ ਹੈ। ਇੰਦਰਪਾਲ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਦੀ ਮਾਂ ਆਪਣੀ ਧੀ ਨਾਲ ਰਹਿ ਰਹੀ ਸੀ।

ਜਾਣਕਾਰੀ ਅਨੁਸਾਰ ਸਵੇਰੇ ਜਦੋਂ ਜੌਰਡਨ ਸਿੰਘ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਮਾਂ ਅਤੇ ਨਾਨੀ ਨੂੰ ਮ੍ਰਿਤਕ ਦੇਖਿਆ। ਫਿਰ ਉਸ ਨੇ ਆਪਣੀ ਦਾਦੀ ਨੂੰ ਇਸ ਬਾਰੇ ਦੱਸਿਆ ਤਾਂ ਰੌਲਾ ਪੈ ਗਿਆ। ਚਸ਼ਮਦੀਦਾਂ ਮੁਤਾਬਕ ਮਾਂ ਅਤੇ ਨਾਨੀ ਵਿਚਾਲੇ ਸੁੱਤੇ ਬੱਚੇ ’ਤੇ ਵੀ ਜ਼ਹਿਰ ਦਾ ਅਸਰ ਹੋਇਆ ਲੱਗਦਾ ਸੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ।

ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਇੰਦਰਪਾਲ ਨੇ ਵੀਡੀਓ ਰਿਕਾਰਡ ਕੀਤੀ ਸੀ, ਜਿਸ ਵਿੱਚ ਉਸ ਨੇ ਗੁਆਂਢੀ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ 10 ਜਣਿਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਪੁਲਿਸ ਨੇ ਇਨ੍ਹਾਂ 10 ਜਣਿਆਂ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਅਸਲ ਤੱਥ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਣਗੇ।