ਕਪੂਰਥਲਾ ’ਚ ਕਰਿਆਨਾ ਵਪਾਰੀ ਦੇ ਗੋਦਾਮ ’ਤੇ ਫ਼ਾਇਰਿੰਗ, ਪੰਜ ਰਾਊਂਡ ਕੀਤੇ ਗਏ ਫ਼ਾਇਰ
ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਲੱਖਾਂ ਫਿਰੌਤੀ ਦੀ ਮੰਗ
ਕਪੂਰਥਲਾ: ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਇੱਕ ਹੋਲਸੇਲ ਕਰਿਆਨਾ ਵਪਾਰੀ ਦੇ ਗੋਦਾਮ ’ਤੇ ਬੀਤੀ ਰਾਤ ਕਰੀਬ 1:30 ਵਜੇ ਫਾਇਰਿੰਗ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਉਕਤ ਵਪਾਰੀ ਨੂੰ ਵਟਸਐਪ ਕਾਲ ਰਾਹੀਂ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਵਿੱਚ ਜੁੱਟ ਗਈ ਹੈ ਅਤੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਬਦਮਾਸ਼ਾਂ ਵੱਲੋਂ ਗੋਦਾਮ ਦੇ ਗੇਟ ਅਤੇ ਸ਼ਟਰ ’ਤੇ 5 ਰਾਊਂਡ ਫਾਇਰ ਕੀਤੇ ਗਏ ਹਨ। ਘਟਨਾ ਸਥਲ ਤੋਂ ਮਿਲੇ ਕੁਝ ਅਹਿਮ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ, ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਕਪੂਰਥਲਾ ਦੇ ਇੱਕ ਵੱਡੇ ਹੋਲਸੇਲ ਕਰਿਆਨਾ ਵਪਾਰੀ ਦੇ ਗੋਦਾਮ ’ਤੇ ਬੀਤੀ ਰਾਤ ਕਰੀਬ 1:30 ਵਜੇ ਕੁਝ ਅਣਪਛਾਤੇ ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ। ਜਿਨ੍ਹਾਂ ਵਿੱਚੋਂ ਦੋ ਗੋਲੀਆਂ ਦੇ ਨਿਸ਼ਾਨ ਗੋਦਾਮ ਦੇ ਗੇਟ ’ਤੇ ਅਤੇ ਤਿੰਨ ਸ਼ਟਰ ’ਤੇ ਮਿਲੇ ਹਨ। ਇਸ ਘਟਨਾ ਤੋਂ ਬਾਅਦ ਕਿਰਿਆਨਾ ਵਪਾਰੀ ਦੇ ਵਟਸਐਪ ਨੰਬਰ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਆਈ ਕਾਲ ਵਿੱਚ ਉਸ ਤੋਂ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਘਬਰਾਏ ਵਪਾਰੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੇ ਹਨ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਫਿਲਹਾਲ ਜ਼ਿਲ੍ਹਾ ਪੁਲਿਸ ਵੱਲੋਂ ਅਣਪਛਾਤੇ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰਨ ਲਈ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।