ਬਟਾਲਾ: ਬਿਰਧ ਆਸ਼ਰਮ ਦੇ ਕਮਰੇ 'ਚ ਲੱਗੀ ਅੱਗ, ਪਤੀ ਦੀ ਮੌਤ, ਪਤਨੀ ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਨੀ ਦੇ ਸਰੀਰ ਦਾ ਕੁਝ ਹਿੱਸਾ ਵੀ ਸੜ ਗਿਆ ਹੈ, ਜਿਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।

batala

ਬਟਾਲਾ-  ਪੰਜਾਬ ਵਿਚ ਹੁਣ ਰੋਜਾਨਾ ਹਾਦਸੇ ਵੱਧ ਰਹੇ ਹਨ ਅਤੇ ਅੱਜ ਤਾਜਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਬੀਤੀ ਰਾਤ ਬਟਾਲਾ ਦੇ ਬਿਰਧ ਆਸ਼ਰਮ ਚ ਅੱਗ ਲੱਗਣ ਕਾਰਨ ਪਤੀ ਦੀ ਮੌਤ ਹੋ ਗਈ ਜਦਕਿ ਪਤਨੀ ਦੀ ਹਾਲਤ ਗੰਭੀਰ ਹੈ। ਦੱਸ ਦੇਈਏ ਕਿ ਉਸਦੀ ਪਤਨੀ ਦੇ ਸਰੀਰ ਦਾ ਕੁਝ ਹਿੱਸਾ ਵੀ ਸੜ ਗਿਆ ਹੈ, ਜਿਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। 

ਮਿਲੀ ਜਾਣਕਾਰੀ ਦੇ ਮੁਤਾਬਿਕ ਬਿਰਧ ਆਸ਼ਰਮ ਚ ਪਤੀ ਪਤਨੀ ਆਪਣੇ ਕਮਰੇ ਵਿਚ ਸੁੱਤੇ ਹੋਏ ਸਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਕੁਲਦੀਪ ਰਾਜ ਸ਼ਰਮਾ ਨੇ ਦੱਸਿਆ ਕਿ ਉਸ ਨੂੰ 6 ਵਜੇ ਆਸ਼ਰਮ ਚੋਂ ਇਕ ਸੇਵਾਦਾਰ ਦਾ ਫੋਨ ਆਇਆ ਸੀ ਕਿ ਆਸ਼ਰਮ ਦੇ ਗਰਾਊਂਡ ਫਲੋਰ ਚ ਰਹਿ ਰਹੇ ਇਕ ਜੋੜੇ ਦੇ ਕਮਰੇ ਚ ਧੂੰਆਂ ਨਿਕਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜਦ ਉਹ ਬਿਰਧ ਆਸ਼ਰਮ ਪਹੁੰਚਿਆ ਤਾਂ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਬਿਰਧ ਆਸ਼ਰਮ ਦੇ ਸੇਵਾਦਾਰਾਂ ਵੱਲੋਂ ਦਰਵਾਜ਼ੇ ਨੂੰ ਤੋੜ ਕੇ ਪਾਣੀ ਨਾਲ ਅੱਗ ਤੇ ਕਾਬੂ ਕਰ ਲਿਆ ਸੀ ਪਰ ਕਮਰੇ ਚ ਲੱਗੀ ਅੱਗ ਨਾਲ ਰਹਿ ਰਹੇ ਬਿਰਧ ਜੋੜੇ ਚੋਂ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਅੱਗ ਨਾਲ ਜ਼ਖ਼ਮੀ ਹੋ ਗਈ ਹੈ। ਸੂਤਰਾਂ ਦੇ ਮੁਤਾਬਿਕ ਸਵਰਨ ਸਿੰਘ(75) ਪੁੱਤਰ ਸ਼ੇਰ ਸਿੰਘ ਦੀ ਸੜਨ ਕਰਕੇ ਮੌਤ ਹੋ ਗਈ ਸੀ ਜਦਕਿ ਉਸ ਦੀ ਪਤਨੀ ਸਰੋਜ ਰਾਣੀ ਦੀ ਹਾਲਤ ਗੰਭੀਰ ਹੈ।