ਭਾਜਪਾ ਵਿਚ ਬੈਠੇ ਕਿਸਾਨਾਂ ਦਾ ਛਲਕਿਆ ਦਰਦ, ਕਿਸਾਨਾਂ ਨੂੰ ਅਤਿਵਾਦੀ ਕਹਿਣਾ ਬਰਦਾਸ਼ਤ ਨਹੀਂ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਵਿਚ ਬੈਠੇ ਕਿਸਾਨਾਂ ਦਾ ਛਲਕਿਆ ਦਰਦ, ਕਿਸਾਨਾਂ ਨੂੰ ਅਤਿਵਾਦੀ ਕਹਿਣਾ ਬਰਦਾਸ਼ਤ ਨਹੀਂ

image

ਕਿਸਾਨਾਂ ਦੇ ਪੱਖ 'ਚ ਭਾਜਪਾ ਵਰਕਰ ਹਰ ਘਰ ਕਿਸਾਨੀ ਝੰਡਾ ਲਹਿਰਾਉਣਗੇ

ਮੁਕੇਰੀਆਂ, 25 ਜਨਵਰੀ (ਜਸਕਰਨ ਸਿੰਘ/ਹਰਕੀਰਤਪਾਲ ਸਿੰਘ): ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁਧ ਭਾਜਪਾ ਦੇ ਅੰਦਰ ਫੈਲਦਾ ਜਾ ਰਿਹਾ ਰੋਸ ਹੁਣ ਬਾਹਰ ਆਉਣ ਲੱਗਾ ਹੈ | ਭਾਜਪਾ ਦੇ ਪੇਂਡੂ ਆਗੂਆਂ ਅਤੇ ਵਰਕਰਾਂ ਨੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਅਤੇ ਕਿਸਾਨਾਂ ਦੇ ਪੱਖ ਵਿਚ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ ਹੈ | 
ਨਰਾਜ਼ ਭਾਜਪਾਈਆਂ ਨੇ ਕਿਸਾਨਾਂ ਦੇ ਸਮਰਥਨ ਵਿਚ 26 ਜਨਵਰੀ ਨੂੰ ਪਿੰਡਾਂ ਵਿਚ ਕਿਸਾਨੀ ਝੰਡੇ ਲਗਾ ਕੇ ਕਿਸਾਨਾਂ ਦਾ ਸਮਰਥਨ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਕੇਂਦਰ ਸਰਕਾਰ ਖੇਤੀ ਕਨੂੰਨ ਰੱਦ ਨਹੀਂ ਕਰਦੀ ਤਾਂ ਉਹ ਪਾਰਟੀ ਤੋਂ ਸਮੂਹਿਕ ਅਸਤੀਫ਼ੇ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ |
ਅੱਜ ਇੱਥੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਜਪਾ ਵਰਕਰਾਂ ਦੀ ਇਕੱਤਰਤਾ ਸਾਬਕਾ ਮੰਡਲ ਪ੍ਰਧਾਨ ਮਸਜਿੰਦਰ ਸਿੰਘ ਮੁਰਾਦਪੁਰ ਅਵਾਣਾ, ਦਲਜੀਤ ਸਿੰਘ ਸੇਠੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਬਚਨ ਸਿੰਘ ਬਾਵਾ, ਸਾਬਕਾ ਜਨਰਲ ਸਕੱਤਰ ਮੰਡਲ ਦੇਹਾਤੀ, ਨਿਰਮਲ ਸਿੰਘ ਪੰਮਾ ਉੱਪ ਪ੍ਰਧਾਨ ਮ੍ਰੰਡਲ ਦੇਹਾਤੀ ਮੁਕੇਰੀਆਂ ਦੀ ਅਗਵਾਈ ਵਿਚ ਕੀਤੀ ਗਈ | ਇਸ ਇਕੱਤਰਤਾ ਵਿਚ ਸਰਮਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਭਾਜਪਾ ਵਰਕਰ ਦਿੱਲੀ ਵਿਚ ਸੰਘਰਸ਼ ਕਰ ਰਹੇ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਸਮਰਥਨ ਵਿਚ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਮ ਹੇਠ 'ਹਰ ਘਰ ਕਿਸਾਨੀ ਝੰਡਾ' ਲਗਾਉਣ ਦੀ ਮੁਹਿੰਮ ਸ਼ੁਰੂ ਕਰਨਗੇ ਅਤੇ ਇਸ ਦੀ ਸ਼ੁਰੂਆਤ ਪਿੰਡ ਮੁਰਾਦਪੁਰ ਅਵਾਣਾ ਤੋਂ 26 ਜਨਵਰੀ ਵਾਲੇ ਦਿਨ ਕਿਸਾਨੀ ਝੰਡੇ ਲਗਾ ਕੇ ਕੀਤੀ ਜਾਵੇਗੀ | 
ਇਸ ਮੌਕੇ ਇਕੱਤਰ ਆਗੂਆਂ ਨੇ ਕਿਹਾ ਕਿ ਉਹ ਕਿਸਾਨੀ ਧੰਦੇ ਨਾਲ ਜੁੜੇ ਹੋਏ ਹਨ ਅਤੇ ਲੰਬੇ ਸਮੇਂ ਤੋਂ ਪਾਰਟੀ ਦੇ ਅੰਦਰ ਜ਼ਾਬਤੇ ਵਿਚ ਰਹਿ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ, ਪਰ ਪਾਰਟੀ ਦੀ ਪੰਜਾਬ ਇਕਾਈ ਵੀ ਅਪਣਾ ਵਿਰੋਧ ਸਹੀ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਨਹੀਂ ਰੱਖ ਸਕੀ ਜਿਸ ਕਾਰਨ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਉਤੇ ਅੱਤ ਦੀ ਠੰਢ ਵਿਚ ਅਪਣੀ ਲੜਾਈ ਲਈ ਡਟੇ ਰਹਿਣਾ ਪੈ ਰਿਹਾ ਹੈ | 
ਆਗੂਆਂ ਨੇ ਕਿਹਾ ਕਿ ਉਹ ਅਪਣੇ ਦਿੱਲੀ ਬੈਠੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਅਤਿਵਾਦੀ ਜਾਂ ਖ਼ਾਲਿਸਤਾਨੀ ਕਹਿਣ ਤੋਂ ਵੀ ਦੁਖੀ ਹਨ | ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਉਹ ਕਿਸਾਨ ਹਨ, ਜਿਹੜੇ ਅੱਤ ਦੀ ਸਰਦੀ ਤੇ ਗਰਮੀ ਵਿਚ ਅਤੇ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅਨਾਜ ਪੈਦਾ ਕਰ ਕੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਹਨ | ਇਸ ਮੌਕੇ ਸਾਬਕਾ ਸਰਪੰਚ ਅਰਜੁਨ ਸਿੰਘ, ਸ਼ਮਸ਼ੇਰ ਸਿੰਘ ਕਾਲਾ ਉਪ ਪ੍ਰਧਾਨ ਮੰਡਲ ਦੇਹਾਤੀ, ਸੁੱਚਾ ਸਿੰਘ ਬੱਧਣ ਸਾਬਕਾ ਉਪ ਪ੍ਰਧਾਨ, ਜਗਤਾਰ ਸਿੰਘ ਸਾਬਕਾ ਮੰਡਲ ਪ੍ਰਧਾਨ ਬੀ ਸੀ ਮੋਰਚਾ, ਸਾਬਕਾ ਸਰਪੰਖ ਸੁਖਵਿੰਦਰ ਸਿੰਘ ਸੁੱਖੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ | 
ਫੋਟੋ: ਮੁਕੇਰੀਆਂ 25-1-01