ਫਤਿਹਗੜ੍ਹ ਚੂੜੀਆਂ ’ਚ ਨਸ਼ੇ ਨਾਲ 18 ਸਾਲ ਦੇ ਨੌਜਵਾਨ ਵਿਸ਼ਾਲ ਮਸੀਹ ਦੀ ਹੋਈ ਮੌਤ
ਪਰਿਵਾਰ ਨੇ ਨਸ਼ਾ ਤਸਕਰਾਂ ਨੂੰ ਫੜਨ ਦੀ ਲਗਾਈ ਗੁਹਾਰ
ਫਤਿਹਗੜ ਚੂੜੀਆਂ: ਫਤਿਹਗੜ੍ਹ ਚੂੜੀਆਂ ਵਾਰਡ ਨੰਬਰ 2 ਕ੍ਰਿਸਚਨ ਮੁਹੱਲੇ ’ਚ ਨਸ਼ੇ ਨਾਲ ਇੱਕ 18 ਸਾਲਾ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਂ ਬੀਬੀ ਪੰਮੀ, ਭੈਣ ਰੇਨੂੰ, ਪਿਤਾ ਮਨੋਹਰੀ ਮਸੀਹ ਅਤੇ ਮੁਹਲਾ ਵਾਸੀਆਂ ਨੇ ਕਥਿਤ ਤੌਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨਾਂ ਦੇ ਨੌਜਵਾਨ ਲੜਕੇ ਦੀ ਨਸ਼ੇ ਨਾਲ ਅਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਮੌਤ ਹੋਈ ਹੈ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਉਨਾਂ ਦੇ ਤਿੰਨ ਬੇਟੇ ਹਨ ਅਤੇ ਤਿੰਨੇ ਹੀ ਨਸ਼ਾ ਕਰਦੇ ਸਨ। ਉਨਾਂ ’ਚੋਂ ਵਿਸ਼ਾਲ ਮਸੀਹ ਦੀ ਜ਼ਿਆਦਾ ਨਸ਼ਾ ਕਰਨ ਨਾਲ ਤਬੀਅਤ ਵਿਗੜ ਗਈ ਅਤੇ ਪੈਸੇ ਨਾ ਹੋਣ ਕਾਰਨ ਅਸੀਂ ਘਰ ਉਸ ਦਾ ਇਲਾਜ ਨਹੀਂ ਕਰਵਾ ਸਕੇ ਅਤੇ ਇੱਕ ਦਿਨ ਬਾਅਦ ਮੁਹਲਾ ਵਾਸੀਆਂ ਨੇ ਪੈਸੇ ਇੱਕਠੇ ਕਰਕੇ ਹਸਪਤਾਲ ਦਾਖਲ ਕਰਵਾਇਆ, ਜਿਸ ਦੀ ਸਹੀ ਸਮੇਂ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ ਹੈ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਜੋ ਸ਼ਰੇਆਮ ਨਸ਼ਾ ਵੇਚ ਰਹੇ ਹਨ। ਉਨਾਂ ਕਿਹਾ ਕਿ ਨਸ਼ਾ ਬੰਦ ਹੋਣਾ ਚਾਹੀਦਾ ਹੈ। ਜੇਕਰ ਨਸ਼ਾ ਬੰਦ ਨਾ ਹੋਇਆ, ਤਾਂ ਜਵਾਨੀ ਬੰਦ ਹੋ ਜਾਵੇਗੀ। ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਫਤਿਹਗੜ੍ਹ ਚੂੜੀਆਂ ’ਚ ਨਸ਼ਾ ਛੁਡਾਓ ਸੈਂਟਰ ਖੁੱਲ੍ਹਣੇ ਚਾਹੀਦੇ ਹਨ, ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚੋਂ ਬਚਾਇਆ ਜਾ ਸਕੇ।
ਇਸ ਸਬੰਧੀ ਜਦੋਂ ਫਤਿਹਗੜ੍ਹ ਚੂੜੀਆਂ ਦੇ ਐਸ.ਐਚ.ਓ. ਸੁਰਿੰਦਰਪਾਲ ਸਿੰਘ ਨਾਲ ਗੱਲ ਕੀਤੀ, ਤਾਂ ਉਨਾਂ ਕਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਸ ਦੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਨਹੀਂ ਦਿੱਤੀ। ਉਨਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਫਤਿਹਗੜ ਚੂੜੀਆਂ ’ਚ ਨਸ਼ਾ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ।