ਫ਼ਿਲੌਰ ’ਚ ਤੇਜ਼ ਰਫ਼ਤਾਰ ਕਾਰ ਨੇ 13 ਸਾਲ ਦੀ ਬੱਚੀ ਨੂੰ ਮਾਰੀ ਟੱਕਰ, ਹੋਈ ਮੌਤ
ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤਦੇ ਸਮੇਂ ਵਾਪਰਿਆ ਹਾਦਸਾ
ਫਿਲੌਰ : ਫਿਲੌਰ ਅਧੀਨ ਪੈਂਦੇ ਪਿੰਡ ਗੜਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ 13 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੀ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੁਸਕਾਨ ਜੋ ਛੇਵੀਂ ਜਮਾਤ ਦੀ ਵਿਦਿਆਰਥਣ ਸੀ, ਆਪਣੀ ਭੂਆ ਪਰਵੀਨ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਜਾ ਰਹੀ ਸੀ। ਦੋਵੇਂ ਸੜਕ ਦੇ ਕਿਨਾਰੇ ਚੱਲ ਰਹੀਆਂ ਸਨ ਕਿ ਪਿੱਛੋਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੁਸਕਾਨ ਉਛਲ ਕੇ ਨੇੜੇ ਖੜ੍ਹੇ ਦਰੱਖ਼ਤ ਨਾਲ ਜਾ ਟਕਰਾਈ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਮੁਸਕਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਫਿਲੌਰ ਪੁਲਿਸ ਵਲੋਂ ਮੁਸਕਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਰੱਖਵਾ ਦਿੱਤਾ ਗਿਆ ਹੈ। ਇਸ ਸੰਬੰਧੀ ਥਾਣਾ ਲਾਹੌਰ ਦੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ। ਮ੍ਰਿਤਕ ਵਿਦਿਆਰਥਣ ਦੀ ਭੂਆ ਪਰਵੀਨ ਦੇ ਬਿਆਨਾਂ ਦੇ ਅਧਾਰ ‘ਤੇ ਕਾਰ ਚਾਲਕ ਦਲਜੀਤ ਸਿੰਘ ਖ਼ਿਲਾਫ ਮਾਮਲਾ ਦਰਜ ਕਰਕੇ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਪੁਲਿਸ ਵਲੋਂ ਅਗਲੀ ਜਾਂਚ ਜਾਰੀ ਹੈ, ਜਦਕਿ ਅੱਜ ਗੜਾ ’ਚ ਪਰਿਵਾਰ ਵੱਲੋਂ ਮੁਸਕਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।