ਖੰਨਾ ’ਚ ਪਿੰਡ ਕੌੜੀ ਵਿਖੇ 7 ਨੂੰ ਮਨਾਇਆ ਜਾਵੇਗਾ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਲਾਨਾ ਮਹਾਨ ਗੁਰਮਤਿ ਕਥਾ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ

Bhai Mardana Ji's birthday will be celebrated on the 7th at village Kauri in Khanna

ਖੰਨਾ (ਸ਼ਾਹ): ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਦੇ 568ਵੇਂ ਜਨਮ ਦਿਹਾੜੇ ਮੌਕੇ 7 ਫਰਵਰੀ ਨੂੰ ਸਾਲਾਨਾ ਮਹਾਨ ਗੁਰਮਤਿ ਕਥਾ ਕੀਰਤਨ ਦਰਬਾਰ ਪਿੰਡ ਕੌੜੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਰੋਹ ਗੁਰਦੁਆਰਾ ਸ੍ਰੀ ਗੁਰੂ ਅਰਜਨ ਸਰ ਸਾਹਿਬ ਪਿੰਡ ਕੌੜੀ, ਨੇੜੇ ਖੰਨਾ (ਜ਼ਿਲ੍ਹਾ ਲੁਧਿਆਣਾ) ਵਿਖੇ ਕਰਵਾਇਆ ਜਾਵੇਗਾ, ਜਿਸ ਦੇ ਤਹਿਤ 5 ਫਰਵਰੀ, ਦਿਨ ਸ਼ਨੀਵਾਰ ਨੂੰ ਸਵੇਰੇ ਸਾਢੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਦਕਿ 7 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ ਬਾਅਦ ਦੁਪਹਿਰ 3 ਵਜੇ ਤੱਕ ਮਹਾਨ ਗੁਰਮਤਿ ਕਥਾ ਕੀਰਤਨ ਕਰਵਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੀਨੀਅਰ ਕਾਰਜਕਾਰੀ ਪ੍ਰਧਾਨ ਜੀਤ ਸਿੰਘ ਕੌੜੀ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ, ਗੁਰੂ ਨਾਨਕ ਸ਼ਾਹੀ ਰਬਾਬ, ਵਿਸ਼ਵ ਰਬਾਬ ਕੀਰਤਨ ਦਰਬਾਰ ਸੇਵਾ ਕਮੇਟੀ ਪੰਜਾਬ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀ, ਗ੍ਰਾਮ ਪੰਚਾਇਤ ਕੌੜੀ, ਦੇਸ਼ਾਂ ਵਿਦੇਸ਼ਾਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਰੋਹ ਵਿਚ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ, ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਸੁਲਤਾਨਪੁਰ ਲੋਧੀ, ਸੰਤ ਬਾਬਾ ਸੁਰਜੀਤ ਸਿੰਘ ਜੀ ਘਨੂੰੜਕੀ ਸਾਹਿਬ ਵਾਲੇ, ਬਾਬਾ ਮਨਦੀਪ ਸਿੰਘ ਜੀ ਸ੍ਰੀ ਅਤਰਸਰ ਸਾਹਿਬ ਵਾਲੇ, ਗੁਰਲਿਆਕਤ ਸਿੰਘ ਬਰਾੜ ਮੁੱਖ ਸੇਵਾਦਾਰ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਪੁਰ ਹੀਰਾਂ ਹੁਸ਼ਿਆਰਪੁਰ ਵਾਲੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਨ੍ਹਾਂ ਤੋਂ ਇਲਾਵਾ ਰਾਗੀ ਸਤਨਿੰਦਰ ਸਿੰਘ ਜੀ ਬੋਦਲ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਰਾਗੀ ਹਰਵਿੰਦਰ ਸਿੰਘ ਜੀ ਨਾਮਧਾਰੀ ਸ੍ਰੀ ਭੈਣੀ ਸਾਹਿਬ ਵਾਲੇ, ਰਾਗੀ ਸਰਦਾਰਾ ਸਿੰਘ ਹਸਮੁੱਖ ਜੀ ਲੱਖੋਵਾਲੇ ਵਾਲੇ, ਹੈੱਡ ਗ੍ਰੰਥੀ ਭਾਈ ਸਾਹਿਬ ਸਿੰਘ ਕੰਡਿਆਲਾ ਜੀ ਕੌੜੀ ਵਾਲੇ ਕਥਾ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਇਸ ਮਹਾਨ ਗੁਰਮਤਿ ਕਥਾ ਕੀਰਤਨ ਦਰਬਾਰ ਵਿਚ ਭਾਈ ਸਤਨਿੰਦਰ ਸਿੰਘ ਬੋਦਲ ਜੀ ਨੂੰ ‘ਭਾਈ ਮਰਦਾਨਾ ਜੀ ਵਿਸ਼ਵ ਰਬਾਬੀ ਐਵਾਰਡ’ ਨਾਲ ਨਿਵਾਜ਼ਿਆ ਜਾਵੇਗਾ। ਸਮਾਗਮ ਵਿਚ ਬੀਬੀ ਮੀਨਾ ਜੀ ਕੌੜੀ ਵਾਲੇ, ਅਮਰਜੀਤ ਕੌਰ ਸਰਹਿੰਦ ਵਾਲੇ, ਪ੍ਰਧਾਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਸਰ ਸਾਹਿਬ ਪਿੰਡ ਕੌੜੀ, ਪ੍ਰਧਾਨ ਅਤੇ ਗੁਰਦੁਆਰਾ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਕੌੜੀ ਵੱਲੋਂ ਵੀ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ ਹੈ। ਸਮਾਰੋਹ ਮੌਕੇ ਪੁੱਜੀਆਂ ਸਮੂਹ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।

ਇਸ ਧਾਰਮਿਕ ਸਮਾਗਮਾਂ ਨੂੰ ਲੈ ਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ਵਿਚ ਚੇਅਰਮੈਨ ਮੁਹੰਮਦ ਸਦੀਕ ਸਾਬਕਾ ਐਮਪੀ ਫਰੀਦਕੋਟ ਤੋਂ ਇਲਾਵਾ ਜੀਤ ਸਿੰਘ ਕੌੜੀ ਸੀਨੀਅਰ ਕਾਰਜਕਾਰੀ ਪ੍ਰਧਾਨ, ਰਾਜਿੰਦਰ ਸਿੰਘ ਬਿੱਟੂ ਸੂਬਾ ਪ੍ਰਧਾਨ, ਤਰਸੇਮ ਸਿੰਘ ਖ਼ਜ਼ਾਨਚੀ, ਸਰਦਾਰਾ ਸਿੰਘ ਜਨਰਲ ਸਕੱਤਰ, ਇਕਬਾਲ ਸਿੰਘ ਸ਼ਹਿਰੀ ਪ੍ਰਧਾਨ ਪਟਿਆਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਸਥਾ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜ਼ਰ ਸਨ।