77ਵੇਂ ਗਣਤੰਤਰ ਦਿਵਸ ਮੌਕੇ ਦਿਖਾਈ ਗਈ ਪੰਜਾਬ ਦੀ ਝਾਕੀ
ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨੂੰ ਸਮਰਪਿਤ ਸੀ ਪੰਜਾਬ ਦੀ ਝਾਕੀ
ਨਵੀਂ ਦਿੱਲੀ : 77ਵੇਂ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਪੰਜਾਬ ਵਲੋਂ ਰਾਜਪਥ ’ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਝਾਕੀ ਪੇਸ਼ ਕੀਤੀ ਗਈ। ਪੰਜਾਬ ਦੀ ਇਸ ਝਾਕੀ ਵਿਚ ਸਿੱਖ ਧਰਮ ਦੇ ਦਇਆ, ਮਨੁੱਖਤਾ ਅਤੇ ਕੁਰਬਾਨੀ ਦੇ ਆਦਰਸ਼ਾਂ ਨੂੰ ਪੇਸ਼ ਕੀਤਾ ਗਿਆ। ਝਾਕੀ ਵਿਚ ਸਭ ਤੋਂ ਪਹਿਲਾਂ ਇਕ ਓਂਕਾਰ ਉਕਰਿਆ ਦਿਖਾਇਆ ਗਿਆ, ਜੋ ਮਨੁੱਖਤਾ ਨੂੰ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਪਰਮਾਤਮਾ ਇਕ ਹੈ।
ਪੰਜਾਬ ਦੀ ਝਾਕੀ ਦਾ ਅਗਲਾ ਹਿੱਸਾ 'ਹੱਥ' ਦੇ ਪ੍ਰਤੀਕ ਨੂੰ ਦਰਸਾਉਂਦਾ ਹੈ, ਜੋ ਮਨੁੱਖਤਾ ਅਤੇ ਹਮਦਰਦੀ ਦੇ ਪ੍ਰਗਟਾਵੇ ਨੂੰ ਦਰਸਾਉਂਦਾ ਹੈ । ਇਸ ਦੇ ਨਾਲ ਹੀ ਕੱਪੜੇ ਦਾ ਇੱਕ ਟੁਕੜਾ ਜਿਸ 'ਤੇ 'ਹਿੰਦ ਦੀ ਚਾਦਰ' ਲਿਖਿਆ ਹੋਇਆ ਸੀ, ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ। ਝਾਕੀ ਦੇ ਪਿਛਲੇ ਹਿੱਸੇ ਵਿੱਚ ਰਾਗੀ ਸਿੰਘਾਂ ਦੁਆਰਾ "ਸ਼ਬਦ ਕੀਰਤਨ" ਕੀਤੇ ਜਾਣ ਦੀ ਝਲਕ ਦੇਖਣ ਨੂੰ ਮਿਲੇਗੀ, ਜਿਸ ਦੇ ਪਿੱਛਲੇ ਹਿੱਸੇ ਵਿੱਚ "ਖੰਡਾ ਸਾਹਿਬ" ਦਾ ਨਿਸ਼ਾਨ ਹੈ, ਜੋ ਸਮੁੱਚੇ ਆਲੇ ਦੁਆਲੇ ਨੂੰ ਇੱਕ ਅਲੌਕਿਕ ਤੇ ਅਧਿਆਤਮਕ ਰੰਗਤ ਵਿੱਚ ਰੰਗਦਾ ਹੈ। ਇਹ ਅਸਥਾਨ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਸੁਸ਼ੋਭਿਤ ਹੈ ਅਤੇ ਇਸ ਚੌਕ 'ਤੇ ਰੋਜ਼ਾਨਾ ਸ਼ਬਦ ਕੀਰਤਨ ਹੁੰਦਾ ਹੈ।
ਝਾਕੀ ਦੇ ਪਿਛਲੇ ਹਿੱਸੇ ਦੇ ਇੱਕ ਪਾਸੇ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਨੂੰ ਦਰਸਾਇਆ ਗਿਆ ਹੈ, ਜਿਸ ਨੂੰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਵਜੋਂ ਜਾਣਿਆ ਜਾਂਦਾ ਹੈ ਜਦਕਿ ਸਾਈਡ ਪੈਨਲ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਦਰਸਾਉਂਦੇ ਹਨ।