ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦਾ ਅੰਤਿਮ ਸਸਕਾਰ, ਪੁਲਿਸ ਦੀ ਟੁਕੜੀ ਵੱਲੋਂ ਦਿੱਤੀ ਗਈ ਸਲਾਮੀ
ਬੀਤੇ ਦਿਨ ਕਰੀਬ ਛੇ ਅਣਪਛਾਤੇ ਬਦਮਾਸ਼ਾਂ ਨੇ ਕੀਤਾ ਸੀ ਕਤਲ
ਪਟਿਆਲਾ: ਨਾਭਾ ਦੇ ਰਹਿਣ ਵਾਲੇ ਪੁਲਿਸ ਕਰਮੀ ਅਮਨਦੀਪ ਸਿੰਘ ਦਾ ਬੀਤੇ ਕੱਲ ਦੇਰ ਸ਼ਾਮ ਨੂੰ ਕਰੀਬ ਛੇ ਅਣਪਛਾਤੇ ਬਦਮਾਸ਼ਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਅਮਨਦੀਪ ਸਿੰਘ ਦਾ ਅੰਤਿਮ ਸਸਕਾਰ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਨਾਭਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।
ਇਸ ਮੌਕੇ ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ, ਕਿਉਂਕਿ ਮੈਂ ਆਪਣੇ ਬੇਟੇ ਨੂੰ ਬੜੀ ਮਸ਼ੱਕਤ ਦੇ ਨਾਲ ਪੁਲਿਸ ਵਿੱਚ ਭਰਤੀ ਕਰਵਾਇਆ ਸੀ। ਮ੍ਰਿਤਕ ਅਮਨਦੀਪ ਸਿੰਘ ਦਾ ਛੋਟਾ ਬੱਚਾ, ਜਿਸ ਨੂੰ ਬਿਲਕੁਲ ਵੀ ਨਹੀਂ ਪਤਾ ਕਿ ਮੇਰਾ ਪਿਤਾ ਹੁਣ ਮੈਨੂੰ ਕੋਈ ਵੀ ਚੀਜ਼ ਲੈ ਕੇ ਨਹੀਂ ਦੇਵੇਗਾ ਅਤੇ ਸਦਾ ਲਈ ਇਸ ਦੁਨੀਆਂ ਤੋਂ ਸਾਇਆ ਉੱਠ ਗਿਆ। ਪਰਿਵਾਰ ਦਾ ਰੋਣਾ ਵੇਖਿਆ ਨਹੀਂ ਜਾ ਰਿਹਾ ਸੀ। ਇਸ ਦੌਰਾਨ ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ ਭਾਵੇਂ ਮੇਰੇ ਬੇਟੇ ਦੇ ਕਾਤਲ ਛੋਟੀ ਉਮਰ ਦੇ ਕਿਉਂ ਨਾ ਹੋਣ, ਉਨ੍ਹਾਂ ਨੂੰ ਸਖਤ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।