ਵਿੱਤ ਮੰਤਰੀ ਦੇ ਜਵਾਬ ਮਗਰੋਂ ਆਪਸੀ ਖਹਿਬਾਜ਼ੀ ਸਾਹਮਣੇ ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸੀ ਬੈਂਚਾਂ ਤੇ ਅਕਾਲੀ-ਬੀਜੇਪੀ ਵਿਚ ਜੰਮ ਕੇ ਨਾਹਰੇਬਾਜ਼ੀ

Manpreet Badal

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬਜਟ ਸੈਸ਼ਨ ਦੇ ਅੱਜ ਆਖ਼ਰੀ ਦਿਨ ਦੀ ਬੈਠਕ ਦੌਰਾਨ ਸ਼ਾਮ ਸਾਢੇ 4 ਵਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਤਲਖ਼ ਕਲਾਮੀ ਮਗਰੋਂ ਕਾਂਗਰਸੀ ਬੈਂਚਾਂ ਤੇ ਅਕਾਲੀ ਬੀਜੇਪੀ ਧਿਰ ਵਿਚ ਐਨੀ ਗਰਮਾ-ਗਰਮੀ, ਤਾਹਨੇ ਮਿਹਣੇ ਤੇ ਗਾਲੀ ਗਲੋਚ ਵਧ ਗਿਆ ਦੋਹਾਂ ਪਾਸਿਉਂ ਮੈਂਬਰ ਆਪੋ ਅਪਣੀਆਂ ਸੀਟਾਂ ਛੱਡ ਕੇ ਆਹਮੋ ਸਾਹਮਣੇ ਆ ਗਏ ਤੇ ਹੱਥੋਪਾਈ ਹੋਣ ਹੀ ਵਾਲੇ ਸਨ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ 15 ਮਿੰਟ ਵਾਸਤੇ ਮੁਲਤਵੀ ਕਰ ਦਿਤੀ।

ਬਜਟ ਅਨੁਮਾਨਾਂ 'ਤੇ ਦੋ ਦਿਨ ਦੀ ਬਹਿਸ ਉਪਰੰਤ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਜਵਾਬ ਵਿਚ ਪੂਰਾ ਇਕ ਘੰਟਾ ਸੂਬੇ ਦੀ ਵਿੱਤੀ ਹਾਲਤ ਨੂੰ ਸੰਕਟਮਈ ਰੂਪ ਦੇਣ ਲਈ ਪਿਛਲੀ ਅਕਾਲੀ ਬੀਜੇਪੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਮਾਰਚ 10,2016 ਨੂੰ 31000 ਕਰੋੜ ਦਾ ਕਰਜ਼ਾ, ਪੰਜਾਬ ਸਿਰ ਚਾੜ੍ਹਨ ਵਾਸਤੇ ਸੁਖਬੀਰ ਬਾਦਲ ਤੇ ਪਰਮਿੰਦਰ ਸਿੰਘ ਢੀਂਡਸਾ ਵਲੋਂ ਨਿਭਾਈ ਭੂਮਿਕਾ 'ਤੇ ਵਾਰ ਵਾਰ ਚੋਭ ਮਾਰੀ ਤਾਂ ਅਕਾਲੀ ਬੀਜੇਪੀ ਵਿਧਾਇਕ ਔਖੇ ਹੋਏ।
ਮਗਰੋਂ ਸਪੀਕਰ ਵਲੋਂ ਢੀਂਡਸਾ ਤੇ ਸੁਖਬੀਰ ਬਾਦਲ ਨੂੰ ਬੋਲਣ ਦਾ ਵਕਤ ਦੇਣ 'ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਸਰਕਾਰ 'ਤੇ

ਸਵਾਲ ਉਠਾਇਆ ਕਿ ਮੁਲਾਜ਼ਮਾਂ ਨੂੰ ਨਾ ਤਾਂ ਡੀ.ਏ. ਦੀਆਂ ਕਿਸ਼ਤਾਂ ਦਿਤੀਆਂ, ਨਾ ਹੀ 4000 ਕਰੋੜ ਦਾ ਬਕਾਇਆ ਦੇਣ ਲਈ ਬਜਟ ਵਿਚ ਰਕਮ ਰੱਖੀ ਹੈ ਅਤੇ ਨਾ ਹੀ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਕੋਈ ਮੱਦ ਰੱਖੀ ਹੈ। ਢੀਂਡਸਾ ਤੋਂ ਬਾਅਦ ਸੁਖਬੀਰ ਬਾਦਲ ਨੇ ਡੂੰਘੀ ਚੋਭ ਮਾਰਦਿਆਂ ਇਹ ਕਹਿ ਦਿਤਾ ਕਿ ਮਨਪ੍ਰੀਤ ਨੂੰ ਗ਼ਲਤ ਮਹਿਕਮਾ ਖ਼ਜ਼ਾਨਾ ਮੰਤਰੀ ਦਾ ਦੇ ਦਿਤਾ, ਇਸ ਨੂੰ ਕੁੱਝ ਨਹੀਂ ਪਤਾ, ਇਹ ਤਾਂ ਇਤਿਹਾਸ ਦੀ ਐਮ.ਏ. ਪਾਸ ਹੈ, ਅਰਥ ਸ਼ਾਸਤਰ ਦਾ ਇਸ ਨੂੰ ਕੋਈ ਗਿਆਨ ਨਹੀਂ। ਸੁਖਬੀਰ ਨੇ ਗੁੱਸੇ ਵਿਚ ਇਹ ਵੀ ਕਿਹਾ ਕਿ ਮਨਪ੍ਰੀਤ ਤਾਂ ਪਾਰਟੀਆਂ ਬਦਲਦਾ ਰਹਿੰਦਾ ਹੈ, ਪਹਿਲਾਂ ਅਕਾਲੀ ਦਲ ਵਿਚ ਵਿਚ ਸੀ,

ਫਿਰ ਛੱਡ ਕੇ ਪੀ.ਪੀ.ਪੀ. ਬਣਾਈ, ਮਗਰੋਂ 'ਆਪ' ਨਾਲ ਸਾਂਝ ਪਾਈ ਤੇ ਹੁਣ ਕਾਂਗਰਸੀ ਬਣ ਗਿਆ। ਸੁਖਬੀਰ ਨੇ ਵੱਡੇ ਬਾਦਲ ਦਾ ਨਾਮ ਲੈ ਕੇ ਕਿਹਾ ਕਿ ਮਨਪ੍ਰੀਤ ਨੇ ਤਾਂ ਉਨ੍ਹਾਂ ਦੀ ਵੀ ਇੱਜ਼ਤ ਨਹੀਂ ਕੀਤੀ, ਅਹਿਸਾਨ ਦੀ ਕਦਰ ਨਹੀਂ ਕੀਤੀ, ਇਹ ਤਾਂ ਘਟੀਆ ਨਿਕੰਮਾ ਵਿੱਤ ਮੰਤਰੀ ਤੇ ਨੀਵੇਂ ਦਰਜੇ ਦਾ ਇਨਸਾਨ ਹੈ। ਇਨ੍ਹਾਂ ਟਿਪਣੀਆਂ, ਪਰਿਵਾਰਕ ਸ਼ਰੀਕੇਬਾਜ਼ੀ ਅਤੇ ਗਾਲੀ ਗਲੋਚ ਮਗਰੋਂ ਸਾਰੇ ਕਾਂਗਰਸੀ ਮੰਤਰੀ, ਵਿਧਾਇਕ ਆਪੋ ਅਪਣੀਆਂ ਸੀਟਾਂ ਛੱਡ ਕੇ ਅੱਗੇ ਆ ਗਏ, ਉਧਰੋਂ ਅਕਾਲੀ ਬੀਜੇਪੀ ਵਾਲੇ ਵੀ ਸੀਟਾਂ ਛੱਡ ਕੇ ਸੁਖਬੀਰ ਬਾਦਲ ਦੀ ਮਦਦ 'ਤੇ ਆ ਗਏ।

ਨਾਹਰੇਬਾਜ਼ੀ, ਤੋਹਮਤਾਂ, ਗਾਲੀ ਗਲੋਚ, ਧਮਕੀਆਂ, ਮਿਹਣੇ ਕੁਮਿਹਣੇ, ਬੁੱਭਾਂ ਮਾਰਨ ਦਾ ਦੌਰ 5 ਤੋਂ 7 ਮਿੰਟ ਚਲਿਆ ਅਤੇ ਸਥਿਤੀ ਕਾਬੂ ਤੋਂ ਬਾਹਰ ਜਾਂਦੀ ਦੇਖ ਸਪੀਕਰ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿਤੀ। ਇਹ ਸਾਰਾ ਰੌਲਾ ਰੱਪਾ ਤੇ ਘੜਮੱਸ ਮੁੱਖ ਮੰਤਰੀ ਦੇ ਸਾਹਮਣੇ ਹੋਇਆ। ਮੰਤਰੀ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਵਿਧਾਇਕ ਕੁਲਜੀਤ ਨਾਗਰਾ, ਅਮਰਿੰਦਰ ਰਾਜਾ ਵੜਿੰਗ, ਕੁਲਬੀਰ ਜ਼ੀਰਾ ਉੱਚੀ ਉੱਚੀ ਬੋਲਣ ਤੇ ਨਾਹਰੇਬਾਜ਼ੀ ਵਿਚ ਸੱਭ ਤੋਂ ਮੋਹਰੇ ਸਨ।

ਜਦੋਂ 15 ਮਿੰਟ ਬਾਅਦ ਸਦਨ ਦੀ ਕਾਰਵਾਈ ਫਿਰ ਸ਼ੁਰੂ ਹੋਈ ਤਾਂ ਮਾਹੌਲ ਸ਼ਾਂਤ ਸੀ, ਬਜਟ ਅਨੁਮਾਨਾਂ ਅਤੇ ਵੱਖ-ਵੱਖ ਮਹਿਕਮਿਆਂ ਸਬੰਧੀ 42 ਮੰਗਾਂ ਨੂੰ ਪਾਸ ਕਰ ਦਿਤਾ ਗਿਆ। ਇਨ੍ਹਾਂ ਮੰਗਾਂ 'ਤੇ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੰਵਰ ਸੰਧੂ, ਕੁਲਤਾਰ ਸੰਧਵਾਂ, ਅਮਰਜੀਤ ਸੰਦੋਆ, ਮੀਤ ਹੇਅਰ ਤੇ ਹੋਰਨਾਂ ਨੇ ਕਟੌਤੀ ਪ੍ਰਸਤਾਵ ਪੇਸ਼ ਕੀਤੇ ਜਿਨ੍ਹਾਂ ਨੂੰ ਸੱਤਾਧਾਰੀ ਮੈਂਬਰਾਂ ਦੀ ਬਹੁਗਿਣਤੀ ਹੋਣ ਕਰ ਕੇ ਰੱਦ ਕਰ ਦਿਤਾ ਗਿਆ। ਇਨ੍ਹਾਂ ਪ੍ਰਸਤਾਵਾਂ ਨੂੰ ਰੱਦ ਕਰਨ ਅਤੇ ਮੰਗਾਂ 'ਤੇ ਚਰਚਾ ਨਾ ਕਰਨ ਦੇਣ 'ਤੇ ਰੋਸ ਵਜੋਂ 'ਆਪ' ਨੇ ਸਦਨ ਵਿਚੋਂ ਵਾਕ ਆਊਟ ਕੀਤਾ।