ਫੈਕਟਰੀਆਂ ਦੇ ਧੂੰਏਂ ਅਤੇ ਸੁਆਹ ਤੋਂ ਡੇਰਾਬਸੀ ਦੇ ਲੋਕ ਪ੍ਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਪਾਸੇ ਪੰਜਾਬ ਸਰਕਾਰ ਵਿਕਾਸ ਕਰਨ ਦੇ ਦਾਅਵੇ ਕਰਨ ਤੋਂ ਨਹੀਂ ਥੱਕ ਰਹੀ ਪਰ ਅਸਲ ’ਚ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ...

Smoke from a factory in Dera Bassi

ਡੇਰਾਬੱਸੀ : ਇਕ ਪਾਸੇ ਪੰਜਾਬ ਸਰਕਾਰ ਵਿਕਾਸ ਕਰਨ ਦੇ ਦਾਅਵੇ ਕਰਨ ਤੋਂ ਨਹੀਂ ਥੱਕ ਰਹੀ ਪਰ ਅਸਲ ’ਚ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਇਥੇ ਬਰਵਾਲਾ ਸੜਕ ’ਤੇ ਦਸਮੇਸ਼ ਨਗਰ ਤੇ ਨਾਲ ਵਸਦੀਆਂ ਕਲੋਨੀਆਂ ਦੇ ਲੋਕਾਂ ਨੂੰ ਫੈਕਟਰੀਆਂ ਦੇ ਧੂੰਏਂ ਤੇ ਸੁਆਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਵੱਲੋਂ ਪਾਬੰਦੀ ਤੋਂ ਬਾਅਦ ਵੀ ਕਲੋਨੀਆਂ ਦੇ ਨੇੜੇ ਕੂੜੇ ਨੂੰ ਸਾੜਿਆ ਜਾ ਰਿਹਾ ਹੈ ਤੇ ਫੈਕਟਰੀਆਂ ਦੇ ਧੂੰਏਂ ਤੇ ਸੁਆਹ ਤੋਂ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਗੰਦੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਦੀਆਂ ਭਿਆਨਕ ਬੀਮਾਰੀਆਂ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ।

ਇਥੋਂ ਦੀ ਦਸਮੇਸ਼ ਨਗਰ ਕਲੌਨੀ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਮੁੱਢਲੀਆਂ ਸਹੂਲਤਾਂ ਦੀ ਘਾਟ ਤੋਂ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੇ ਡਿਵੈਲਪਮੈਂਟ ਚਾਰਜ ਜਮ੍ਹਾਂ ਕਰਾਏ ਹੋਏ ਹਨ ਪਰ ਕੋਈ ਸਹੂਲਤ ਨਹੀਂ ਮਿਲ ਰਹੀ ਤੇ ਫੈਕਟਰੀਆਂ ਤੋਂ ਲਿਕਲਦਾ ਧੂੰਆਂ ਬਿਮਾਰੀਆਂ ਲੱਗਣ ਦਾ ਕਾਰਨ ਬਣਿਆ ਹੋਇਆ ਹੈ। ਇਸ ਕਲੌਨੀ ਦੇ ਵਾਸੀ ਤੂਸ਼ਾਰ, ਅਨੁਜ ਕੂਮਾਰ, ਸੁਰਿੰਦਰ ਕੂਮਾਰ, ਸੁਮਿੱਤਰਾ ਦੇਵੀ ਤੇ ਮਰਿੰਦਰ ਕੌਰ ਨੇ ਦੱਸਿਆ ਕਿ ਘਰਾਂ ਦੀਆਂ ਛੱਤਾਂ ’ਤੇ ਪਏ ਕੱਪੜੇ ਵੀ ਸੁਆਹ ਨਾਲ ਖਰਾਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀਆਂ ਦਾ ਤੇ ਰਹਿੰਦ ਖੂੰਹਦ ਨੂੰ ਸਾੜਨ ਤੋਂ ਬਾਅਦ ਨਿਕਲਣ ਵਾਲਾ ਧੂੰਆਂ ਇਲਾਕਾ ਵਾਸੀਆਂ ਲਈ ਸਿਰਦਰਦੀ ਬਣਿਆ ਹੋਇਆ ਹੈ।

ਸਾਹ ਲੈਣ ਦੇ ਨਾਲ ਸੁਆਹ ਸਰੀਰ ਅੰਦਰ ਚਲੀ ਜਾਂਦੀ ਹੈ ਜਿਸ ਕਾਰਨ ਲੋਕਾਂ ਦੀਆਂ ਅੱਖਾਂ ਤੇ ਫੇਫੜਿਆਂ ਨੂੰ ਬਿਮਾਰੀਆਂ ਲਗਣ ਦਾ ਖਦਸ਼ਾ ਹੈ।
ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਤੇ ਸੀਵਰੇਜ ਦੀ ਵੀ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਹੈ। ਲੋਕਾਂ ਨੇ ਆਪਣੇ ਘਰਾਂ ’ਚ ਬੋਰ ਕਰਵਾਏ ਹੋਏ ਹਨ ਪਰ ਉਹ ਪਾਣੀ ਪੀਣ ਯੋਗ ਨਹੀਂ ਹੈ। ਪ੍ਰਦੂਸ਼ਣ ਅਤੇ ਗੰਦਾ ਪਾਣੀ ਪੀਣ ਕਾਰਨ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਬੀਰ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ ਅਤੇ ਇਸ ਸਮੱਸਿਆ ਦਾ ਹੱਲ ਕਰਨਗੇ।