ਰੰਧਾਵਾ ਅਤੇ ਸਿੱਧੂ ਨੇ ਮਜੀਠੀਆ ਪਰਵਾਰ ਨੂੰ ਅੰਗਰੇਜ਼ਾਂ ਦਾ ਟੋਡੀ ਗਰਦਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਾਊਸ ਤੋਂ ਬਾਹਰ ਪ੍ਰੈੱਸ ਕਾਨਫ਼ਰੰਸ ਕਰ ਕੇ.....

Navjot Singh Sidhu

ਚੰਡੀਗੜ੍ਹ : ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਾਊਸ ਤੋਂ ਬਾਹਰ ਪ੍ਰੈੱਸ ਕਾਨਫ਼ਰੰਸ ਕਰ ਕੇ ਬਿਕਰਮ ਸਿੰਘ ਮਜੀਠੀਆ ਪਰਵਾਰ ਉਪਰ ਗੰਭੀਰ ਦੋਸ਼ ਲਗਾਏ। ਉਨ੍ਹਾਂ ਦੋਸ਼ ਲਗਾਏ ਕਿ ਮਜੀਠੀਆ ਪਰਵਾਰ ਦੇਸ਼ ਦਾ ਗ਼ਦਾਰ ਹੈ। ਉਹ ਅੰਗਰੇਜ਼ਾਂ ਦੇ ਟੋਡੀ (ਪਿੱਠੂ) ਸਨ। ਉਨ੍ਹਾਂ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਨੇ ਜਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਸਨਮਾਨਤ ਕੀਤਾ ਅਤੇ ਖਾਣਾ ਦਿਤਾ।

ਨਵਜੋਤ ਸਿੰਘ ਅਤੇ ਸ. ਰੰਧਾਵਾ ਨੇ ਕਈ ਇਤਿਹਾਸਕ ਕਿਤਾਬਾਂ ਦੇ ਹਵਾਲੇ ਦੇ ਕੇ ਦੋਸ਼ ਲਗਾਏ ਕਿ ਮਜੀਠੀਆ ਪਰਵਾਰ ਅੰਗਰੇਜ਼ਾਂ ਦਾ ਹਮਾਇਤੀ ਰਿਹਾ ਅਤੇ ਬਦਲੇ 'ਚ ਜਗੀਰਾਂ ਅਤੇ ਵੱਡੇ-ਵੱਡੇ ਅਹੁਦੇ ਲਏ। ਉਨ੍ਹਾਂ ਲਗਭਗ ਇਕ ਘੰਟਾ ਮਜੀਠੀਆ ਪਰਵਾਰ ਵਿਰੁਧ ਦੋਸ਼ ਲਗਾਏ ਅਤੇ ਮੰਗ ਕੀਤੀ ਕਿ ਬਿਕਰਮ ਸਿੰਘ ਮਜੀਠੀਆ ਅਪਣੇ ਬਜ਼ੁਰਗਾਂ ਦੇ ਪਾਪਾਂ ਦੀ ਮੁਆਫ਼ੀ ਮੰਗਣ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਹਰਸਿਮਰਤ ਕੌਰ ਬਾਦਲ, ਕਿਉਂਕਿ ਮਜੀਠੀਆ ਪਰਵਾਰ ਦੀ ਬੇਟੀ ਹੈ, ਉਨ੍ਹਾਂ ਨੂੰ ਵੀ ਮੰਤਰੀ ਮੰਡਲ 'ਚੋਂ ਅਸਤੀਫ਼ਾ ਦੇ, ਅਪਣੇ ਬਜ਼ੁਰਗਾਂ ਦੀਆਂ ਗ਼ਲਤੀਆਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਜਦ ਦੋ ਮੰਤਰੀ ਪ੍ਰੈਸ ਕਾਨਫ਼ਰੰਸ ਕਰ ਕੇ ਚਲੇ ਗਏ ਤਾਂ ਬਿਕਰਮ ਸਿੰਘ ਮਜੀਠੀਆ ਅਪਣਾ ਪੱਖ ਰੱਖਣ ਲਈ ਪ੍ਰੈਸ ਗੈਲਰੀ 'ਚ ਪੁਜ ਗਏ। ਉਨ੍ਹਾਂ ਕਿਹਾ ਕਿ ਉਹ ਨਿਜੀ ਪਰਵਾਰਕ ਦੋਸ਼ਾਂ 'ਚ ਨਹੀਂ ਉਲਝਣਾ ਚਾਹੁੰਦੇ। ਦੋਸ਼ ਤਾਂ ਉਹ ਵੀ ਬਹੁਤ ਲਗਾ ਸਕਦੇ ਹਨ। ਬਹੁਤ ਕਿਤਾਬਾਂ ਹਨ, ਜਿਨ੍ਹਾਂ 'ਚ ਕਾਂਗਰਸੀਆਂ ਦੀਆਂ ਕਰਤੂਤਾਂ ਬਿਆਨ ਹਨ,

ਜੋ ਕੁਝ ਵੀ ਉਨ੍ਹਾਂ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਬਾਰੇ ਦੂਸ਼ਣਬਾਜ਼ੀ ਕੀਤੀ ਗਈ ਉਹ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਸ. ਰੰਧਾਵਾ ਅਤੇ ਸਿੱਧੂ ਦੋਵੇਂ ਹੀ ਇਕ ਨੰਬਰ ਦੇ ਝੂਠੇ ਹਨ। ਜੇਕਰ ਉਹ ਇਸ ਤਰ੍ਹਾਂ ਕਾਰਵਾਈਆਂ ਕਰ ਕੇ, ਉਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੁੰਦੇ ਹਨ ਤਾਂ ਭੁਲ ਜਾਣ। ਉਹ ਜਨਤਾ ਦੇ ਮੁੱਦੇ ਪੂਰੇ ਜ਼ੋਰ ਨਾਲ ਉਠਾਉਂਦੇ ਰਹਿਣਗੇ ਅਤੇ ਇਨ੍ਹਾਂ ਦੀ ਗਿਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ।