ਸੁਖਪਾਲ ਖਹਿਰਾ ਨੇ ਪਾਰਟੀ ਦਾ ਨਾਂ ਬਦਲਿਆ ਪੰਜਾਬੀ ਏਕਤਾ ਪਾਰਟੀ ਹੁਣ ਬਣੀ ‘ਪੰਜਾਬ ਏਕਤਾ ਪਾਰਟੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਏਕਤਾ ਪਾਰਟੀ ਹੁਣ ‘ਪੰਜਾਬ ਏਕਤਾ ਪਾਰਟੀ’ ਬਣ ਗਈ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਚੋਣ ਕਮਿਸ਼ਨ ਦੇ ਇਤਰਾਜ਼ ਕਰਕੇ ਕੀਤਾ ਗਿਆ ਹੈ

Sukhpal singh khair

ਚੰਡੀਗੜ੍ਹ : ਸੁਖਪਾਲ ਖਹਿਰਾ ਨੇ ਪਲੇਠੀ ਚੋਣ ਲੜਨ ਤੋਂ ਪਹਿਲਾਂ ਹੀ ਅਪਣੀ ਪਾਰਟੀ ਦਾ ਨਾਂ ਬਦਲ ਲਿਆ ਹੈ। ਪੰਜਾਬੀ ਏਕਤਾ ਪਾਰਟੀ ਹੁਣ ‘ਪੰਜਾਬ ਏਕਤਾ ਪਾਰਟੀ’ ਬਣ ਗਈ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਚੋਣ ਕਮਿਸ਼ਨ ਦੇ ਇਤਰਾਜ਼ ਕਰਕੇ ਕੀਤਾ ਗਿਆ ਹੈ।ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਤੋਂ ਵੱਖ ਹੋ ਕਿ ‘ਪੰਜਾਬ ਏਕਤਾ ਪਾਰਟੀ’ ਬਣਾਈ ਸੀ।

ਉਸ ਵੇਲੇ ਵੀ ਸੋਸ਼ਲ ਮੀਡੀਆ ਵਿੱਚ ਪਾਰਟੀ ਦੇ ਨਾਂ ਨੂੰ ਲੈ ਕੇ ਚਰਚਾ ਰਹੀ ਸੀ। ਮੀਡੀਆ ਵਿੱਚ ਵੀ ਕਾਫੀ ਸਮਾਂ ਭੰਬਲਭੂਸਾ ਬਣਿਆ ਰਿਹਾ। ਪਾਰਟੀ ਦੇ ਜਨਰਲ ਸਕੱਤਰ ਰਛਪਾਲ ਸਿੰਘ ਜੌੜੇਮਾਜਰਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਪਾਲ ਖਹਿਰਾ ਵੱਲੋਂ ਪਾਰਟੀ ਦਾ ਨਾਮ ‘ਪੰਜਾਬੀ ਏਕਤਾ ਪਾਰਟੀ ਪੰਜਾਬ’ ਰੱਖਿਆ ਸੀ। ਇਸ ਮਗਰੋਂ ਚੋਣ ਕਮਿਸ਼ਨ ਪੰਜਾਬ ਵੱਲੋਂ ਪਾਰਟੀ ਦੇ ਨਾਂ ’ਚ ਅੰਕਿਤ ‘ਪੰਜਾਬੀ’ ਸ਼ਬਦ ’ਤੇ ਇਤਰਾਜ਼ ਲਾਏ ਜਾਣ ਕਾਰਨ ਹਾਈਕਮਾਂਡ ਨੇ ਨਵੇਂ ਨਾਂ ਪੰਜਾਬ ਏਕਤਾ ਪਾਰਟੀ ਵਜੋਂ ਸਹਿਮਤੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਸਮੂਹ ਵਰਕਰਾਂ ਨੂੰ ਪਾਰਟੀ ਦੇ ਨਾਂ ਵਜੋਂ ਪੰਜਾਬ ਏਕਤਾ ਪਾਰਟੀ ਦੇ ਨਾਮ ਨੂੰ ਉਭਾਰਨ ਦੇ ਸੁਨੇਹੇ ਲਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਸਲ ’ਚ ਚੋਣ ਕਮਿਸ਼ਨ ਦਫ਼ਤਰ ਵੱਲੋਂ ਪੰਜਾਬੀ ਸ਼ਬਦ ’ਤੇ ਇਸ ਕਰਕੇ ਇਤਰਾਜ਼ ਸੀ ਕਿ ਇਹ ਸ਼ਬਦ ਸਭ ਦਾ ਸਾਂਝਾ ਹੈ, ਜੋ ਕਿਸੇ ਇੱਕ ਪਾਰਟੀ ਲਈ ਵਰਤਿਆ ਜਾਣਾ ਵਾਜ਼ਿਬ ਨਹੀਂ ਹੋਵੇਗਾ।