ਵਿਧਾਨ ਸਭਾ 'ਚ 2 ਮੰਤਰੀਆਂ ਦੇ ਅਸਤੀਫ਼ੇ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਨੇ ਅਜ ਵਿਧਾਨ ਸਭਾ 'ਚ ਮੰਗ ਕੀਤੀ ਕਿ ਖ਼ੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਮੰਡਲ 'ਚੋਂ ਕਢਿਆ ਜਾਵੇ......

Aam Aadmi Party

ਚੰਡੀਗੜ੍ਹ : ਵਿਰੋਧੀ ਧਿਰ ਨੇ ਅਜ ਵਿਧਾਨ ਸਭਾ 'ਚ ਮੰਗ ਕੀਤੀ ਕਿ ਖ਼ੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਮੰਡਲ 'ਚੋਂ ਕਢਿਆ ਜਾਵੇ ਅਤੇ ਫ਼ਿਰ ਉਸ ਉਪਰ ਭ੍ਰਿਸ਼ਟਾਚਾਰ ਦੇ ਲਗੇ ਦੋਸ਼ਾਂ ਦੀ ਜਾਂਚ ਕਰਾਈ ਜਾਵੇ। ਉਨ੍ਹਾਂ ਉਪਰ ਦੋਸ਼ ਹੈ ਕਿ ਉਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਅਤੇ ਇਕ ਫ਼ਲੈਟ ਉਸਾਰੀ ਵਾਲੀ ਕੰਪਨੀ ਨੂੰ ਲੁਧਿਆਣਾ ਸ਼ਹਿਰ ਦੇ ਅਹਿਮ ਸਥਾਨ ਉਪਰ ''ਲੈਂਡ ਯੂਜ਼ ਸਰਟੀਫ਼ੀਕੇਟ ਲੈਣ 'ਚ ਉਸਦੀ ਸਹਾਇਤਾ ਕੀਤੀ ਸੀ। ਜਿਉਂ ਹੀ ਸਵੇਰੇ 11 ਵਜੇ ਅਜ ਹਾਊਸ ਦੀ ਕਾਰਵਾਈ ਆਰੰਭ ਹੋਈ ਤਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੰਤਰੀ ਦੇ ਭਰਿਸ਼ਟਾਚਾਰ ਦਾ ਮੁੱਦਾ ਉਠਾਇਆ

ਅਤੇ ਮੰਗ ਕੀਤੀ ਕਿ ਮੰਤਰੀ ਦਾ ਅਸਤੀਫ਼ਾ ਲਿਆ ਜਾਵੇ। ਜੇ ਉਹ ਅਸਤੀਫ਼ਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਮੰਤਰੀ ਮੰਡਲ 'ਚੋ ਕਢਿਆ ਜਾਵੇ। ਸਪੀਕਰ ਨੇ ਇਹ ਕਹਿ ਕਿ ਮਾਮਲਾ ਉਠਾਉਣ ਦੀ ਆਗਿਆ ਨਾ ਦਿਤੀ ਕਿ ਸਵਾਲਾਂ ਦੇ ਸਮੇਂ 'ਚ ਇਹ ਮੁਦਾ ਨਹੀਂ ਉਠਾਇਆ ਜਾ ਸਕਦਾ। ਸਿਫ਼ਰ ਕਾਲ ਸਮੇਂ ਉਠਾਇਆ ਜਾ ਸਕਦਾ ਹੈ ਪ੍ਰੰਤੂ ਵਿਰੋਧੀ ਧਿਰ ਇਸ ਨਾਲ ਸਹਿਮਤ ਨਾ ਹੋਈ। ਸਰਕਾਰ ਅਤੇ ਮੰਤਰੀ ਵਿਰੁਧ ਨਾਹਰੇਬਾਜ਼ੀ ਆਰੰਭ ਹੋ ਗਈ। ਵਿਰੋਧੀ ਮੈਂਬਰ ਸਪੀਕਰ ਦੀ ਸੀਟ ਦੇ ਸਾਹਮਣੇ ਜਾ ਕੇ ਨਾਹਰੇਬਾਜ਼ੀ ਕਰਦੇ ਰਹੇ। ਬਿਕਰਮ ਸਿੰਘ ਮਜੀਠੀਆ ਨੇ ਉਠ ਕੇ ਕਿਹਾ ਕਿ ਆਪ ਵਾਲੇ ਤਾਂ ਸਰਕਾਰ ਦਾ ਹਿੱਸਾ ਹਨ,

ਉਹ ਹਾਊਸ ਦਾ ਸਮਾਂ ਕਿਉਂ ਖ਼ਰਾਬ ਕਰਦੇ ਹਨ। ਇਸ 'ਤੇ ਆਪ ਦੇ ਮੈਂਬਰਾਂ ਦੀ ਮਜੀਠੀਆ ਨਾਲ ਨੋਕ ਝੋਕ ਆਰੰਭ ਹੋ ਗਈ। ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਮੰਤੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਸਿਫ਼ਰ ਕਾਲ ਸਮੇਂ ਹੀ ਇਹ ਮੁੱਦਾ ਉਠਾਇਆ ਜਾ ਸਕਦਾ ਹੈ। ਮੰਤਰੀ ਭਰਤ ਭੂਸ਼ਣ ਆਸ਼ੂ ਵੀ ਹਾਊਸ 'ਚ ਹਾਜ਼ਰ ਸਨ। ਉਨ੍ਹਾਂ ਉਠ ਕੇ ਕਿਹਾ ਕਿ ਜਿਸ ਦਿਨ ਇਹ ਮੁੱਦਾ ਉਠਿਆ, ਉਹ ਹਾਊਸ 'ਚ ਹਾਜ਼ਰ ਨਹੀਂ ਸਨ, ਜਿਸ ਤੋਂ ਮਰਜ਼ੀ ਜਾਂਚ ਕਰਵਾ ਲਵੋ। ਵਿਰੋਧੀ ਧਿਰ ਨੇ ਕਿਹਾ ਕਿ ਜਿਸ ਮੰਤਰੀ ਉਪਰ ਭ੍ਰਿਸ਼ਟਾਚਾਰ ਦੇ ਦੋਸ਼ ਲਗ ਰਹੇ ਹਨ,

ਉਹ ਤਾਂ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੂੰ ਕੁਚਲਣ ਦੀ ਗਲ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਰੀਕਾਰਡ ਉਪਲਬਧ ਹੈ, ਇਹ ਰੀਕਾਰਡਿੰਗ ਹਾਊਸ 'ਚ ਸੁਣਾਉਣ ਦੀ ਆਗਿਆ ਦਿਤੀ ਜਾਵੇ। ਸਪੀਕਰ ਨੇ ਇਸ ਦੀ ਆਗਿਆ ਨਾ ਦਿਤੀ। ਆਪ ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾਕਿ ਮੰਤਰੀ ਤੋਂ ਅਸਤੀਫ਼ਾ ਲੈ ਕੇ ਹਾਊਸ ਦੀ ਕਮੇਟੀ ਤੋਂ ਇਸ ਮਾਮਲੇ ਦੀ ਜਾਂਚ ਕਰਾਈ ਜਾਵੇ। ਕਮੇਟੀ ਦੀ ਰੀਪੋਰਟ ਸਮਾਂ ਬੱਧ ਕੀਤੀ ਜਾਵੇ। ਮਜੀਠੀਆ ਨੇ ਵੀ ਹਾਊਸ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ।