ਦਿੱਲੀ ਸੰਘਰਸ਼ 'ਚੋਂ ਪਰਤੇ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਮ੍ਰਿਤਕ ਨੌਜਵਾਨ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਮੈਂਬਰ ਸੀ।
ਤਪਾ ਮੰਡੀ- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦੇ ਹੁਣ ਤੱਕ 200 ਤੋਂ ਵੱਧ ਮੌਤਾਂ ਹੋ ਚੁੱਕਿਆ ਹਨ। ਅੱਜ ਇਕ ਹੋਰ ਕਿਸਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਹੁਣ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਤੋਂ ਤੰਗ ਹੋ ਕੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਜੈਮਲ ਸਿੰਘ ਵਾਲਾ ਦੇ 30 ਸਾਲਾ ਨੌਜਵਾਨ ਸਤਵੰਤ ਸਿੰਘ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸਤਵੰਤ ਸਿੰਘ ਕੋਲ ਭਾਵੇਂ ਕੋਈ ਜ਼ਮੀਨ ਨਹੀਂ ਸੀ, ਉਹ ਲੱਕੜ ਦਾ ਕੰਮ ਕਰਦਾ ਸੀ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਸੀ। ਇਸ ਸਬੰਧੀ ਉਹ ਅਪਣਾ ਯੋਗਦਾਨ ਦੇਣ ਲਈ ਕਈ ਵਾਰ ਦਿੱਲੀ ਅੰਦੋਲਨ ਵਿਚ ਵੀ ਅਪਣੀ ਹਾਜ਼ਰੀ ਲਗਵਾਉਣ ਲਈ ਜਾਂਦਾ ਰਹਿੰਦਾ ਸੀ।
ਮਿ੍ਰਤਕ ਦੀ ਮਾਤਾ ਅਮਰਜੀਤ ਕੌਰ ਅਤੇ ਪਿਤਾ ਨੇ ਰੋਂਦੇ ਹੋਏ ਮੋਦੀ ਸਰਕਾਰ ’ਤੇ ਇਲਜ਼ਾਮ ਲਗਾਉਂਦਿਆਂ ਆਖਿਆ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਉਨ੍ਹਾਂ ਦਾ ਪੁੱਤ ਖੋਹ ਲਿਆ ਹੈ ਜਦਕਿ ਉਨ੍ਹਾਂ ਦਾ ਇਕ ਪੁੱਤਰ ਬਾਰਡਰ ’ਤੇ ਤਾਇਨਾਤ ਹੈ। ਪਿੰਡ ਦੇ ਸਰਪੰਚ ਸੁਖਦੀਪ ਸਿੰਘ ਨੇ ਦੱਸਿਆ ਕਿ ਸਤਵੰਤ ਹਾਲੇ ਕੁੱਝ ਦਿਨ ਪਹਿਲਾਂ ਹੀ ਦਿੱਲੀ ਤੋਂ ਪਰਤਿਆ ਸੀ, ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫ਼ੀ ਦੁਖੀ ਸੀ।
ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਆਗੂਆਂ ਨਛੱਤਰ ਸਿੰਘ ਅਤੇ ਗਾਂਧੀ ਸਿੰਘ ਨੇ ਆਖਿਆ ਕਿ ਸਤਵੰਤ ਨੂੰ ਦਿੱਲੀ ਬਾਰਡਰ ’ਤੇ ਟਰਾਲੀਆਂ ਤਿਆਰ ਕਰਨ ਦੀ ਸੇਵਾ ਲਈ ਲਿਜਾਇਆ ਗਿਆ ਸੀ। ਉਨ੍ਹਾਂ ਜਿੱਥੇ ਸਤਵੰਤ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਉਠਾਈ, ਉਥੇ ਹੀ ਸਤਵੰਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਆਖੀ। ਉਧਰ ਥਾਣਾ ਤਪਾ ਦੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ 174 ਦੀ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।