ਭਾਰਤ ਨੇ 10 ਵਿਕਟਾਂ ਨਾਲ ਜਿਤਿਆ ਦਿਨ-ਰਾਤ ਵਾਲਾ ਮੈਚ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਨੇ 10 ਵਿਕਟਾਂ ਨਾਲ ਜਿਤਿਆ ਦਿਨ-ਰਾਤ ਵਾਲਾ ਮੈਚ

image

ਫ਼ਿਰਕੀ ਪਿੱਚ ਨੇ ਦੋਹਾਂ ਟੀਮਾਂ ਦੇ ਬੱਲੇਬਾਜ਼ਾਂ ਦਾ ਦਿਮਾਗ਼ ਘੁੰਮਾਇਆ

ਅਹਿਮਦਾਬਾਦ, 25 ਫ਼ਰਵਰੀ : ਦੁਨੀਆਂ ਦੇ ਸੱਭ ਤੋਂ ਵੱਡੇ ਸਟੇਡੀਅਮ ਵਿਖੇ ਭਾਰਤ ਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਵਿਚ ਉਸ ਵੇਲੇ ਇਕ ਨਾਟਕੀ ਮੋੜ ਆ ਗਿਆ ਹੈ ਜਦੋਂ ਜਵਾਬ ਵਿਚ ਭਾਰਤੀ ਟੀਮ ਵੀ 145 ਦੌੜਾਂ ’ਤੇ ਸਿਮਟ ਗਈ ਪਰ ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿਚ ਮਹਿਜ਼ 81 ਦੌੜਾਂ ’ਤੇ ਢੇਰੀ ਹੋ ਗਈ। ਇੰਗਲੈਂਡ ਨੂੰ ਕੇਵਲ 49 ਦੌੜਾਂ ਦੀ ਲੀਡ ਮਿਲੀ ਜਿਸ ਨੂੰ ਭਾਰਤੀ ਟੀਮ ਨੇ  ਬਿਨਾਂ ਕੋਈ ਵਿਕਟ ਖੋ ਕੇ ਪੂਰਾ ਕਰ ਲਿਆ। ਇਸ ਤਰ੍ਹਾਂ ਭਾਰਤ ਲੜੀ ਵਿਚ 2-1 ਨਾਲ ਅੱਗੇ ਹੋ ਗਿਆ। 
 ਜਿਥੇ ਬੀਤੇ ਕਲ ਮਹਿਜ਼ 112 ਦੌੜਾਂ ’ਤੇ ਇੰਗਲੈਂਡ ਦੀ ਟੀਮ ਢੇਰ ਹੋ ਗਈ ਸੀ ਤੇ ਅੱਜ ਦੂਜੇ ਦਿਨ ਭਾਰਤੀ ਟੀਮ ਵੀ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਈ। ਦੂਜੇ ਦਿਨ ਦੇ ਸ਼ੁਰੂ ਵਿਚ ਠੋਸ ਸ਼ੁਰੂਆਤ ਨੂੰ ਹੋਰ ਠੋਸ ਕਰਨ ਉਤਰੀ ਭਾਰਤੀ ਟੀਮ ਨੂੰ ਕਾਮਯਾਬੀ ਨਹੀਂ ਮਿਲ ਸਕੀ ਕਿਉਂਕਿ ਬੀਤੇ ਕਲ ਦਾ ਹੀਰੋ ਰੋਹਿਤ ਸ਼ਰਮਾ ਤੇ ਰਹਾਣੇ ਜਲਦੀ ਆਊਟ ਹੋ ਗਏ। ਰੋਹਿਤ ਨੇ 66, ਰਹਾਣੇ ਨੇ 7 ਦੌੜਾਂ ਬਣਾਈਆਂ।ਇਸ ਤੋਂ ਬਾਅਦ ਰਿਸ਼ਭ ਪੰਤ ਨੇ 1, ਅਸ਼ਵਿਨ ਨੇ  17 ਦੌੜਾਂ ਬਣਾਈਆਂ ਪਰ ਸ਼ੁਦਰ ਤੇ ਅਕਸਰ ਪਟੇਲ ਨੇ ਖਾਤਾ ਵੀ ਨਾ ਖੋਲ੍ਹਿਆ। ਇਸ ਤਰ੍ਹਾਂ ਪੂਰੀ ਟੀਮ 145 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਭਾਰਤ ਨੂੰ 33 ਦੌੜਾਂ ਦੀ ਲੀਡ ਮਿਲੀ ਹੈ।
 ਇਸ ਤੋਂ ਪਹਿਲਾਂ ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ ਦੀ ਸਪਿਨ ਗੇਂਦਬਾਜ਼ੀ ਦੇ ਸਹਾਰੇ ਇੰਗਲੈਂਡ ਨੂੰ 112 ਦੌੜਾਂ ’ਤੇ ਢੇਰ ਕਰਨ ਤੋਂ ਬਾਅਦ ਭਾਰਤ ਨੇ ਰੋਹਿਤ ਸ਼ਰਮਾ ਦੇ ਅਜੇਤੂ ਅਰਧ ਸੈਂਕੜੇ ਦੀ ਮਦਦ ਨਾਲ ਬੁੱਧਵਾਰ ਨੂੰ ਇਥੇ ਤੀਜੇ ਟੈਸਟ ਕ੍ਰਿਕਟ ਮੈਚ ਦੀ ਪਹਿਲੀ ਪਾਰੀ ’ਚ ਮਜ਼ਬੂਤ ਬੜ੍ਹਤ ਹਾਸਲ ਕਰਨ ਵਲ ਕਦਮ ਵਧਾ ਦਿਤੇ ਸਨ। ਪਟੇਲ ਨੇ ਇਸ ਦਿਨ-ਰਾਤ ਦੇ ਟੈਸਟ ਮੈਚ ਦੇ ਪਹਿਲੇ ਦਿਨ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 38 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦਕਿ ਅਸ਼ਵਿਨ ਨੇ 26 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਦੇ ਸਿਰਫ਼ 4 ਬੱਲੇਬਾਜ਼ ਦੋਹਰੇ ਅੰਕ ਤਕ ਪਹੁੰਚੇ। ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 3 ਵਿਕਟਾਂ ’ਤੇ 99 ਦੌੜਾਂ ਬਣਾਈਆਂ ਸਨ ਉਹ ਇੰਗਲੈਂਡ ਤੋਂ ਸਿਰਫ 13 ਦੌੜਾਂ ਪਿਛੇ ਸੀ। ਖੇਡ ਖ਼ਤਮ ਹੋਣ ਦੇ ਸਮੇਂ ਰੋਹਿਤ 57 ਅਤੇ ਉਪ ਕਪਤਾਨ ਅਜਿੰਕਿਆ ਰਹਾਣੇ 1 ਦੌੜ ਬਣਾ ਕੇ ਖੇਡ ਰਹੇ ਸਨ। ਕਪਤਾਨ ਵਿਰਾਟ ਕੋਹਲੀ (27) ਖੇਡ ਖ਼ਤਮ ਹੋਣ ਤੋਂ ਪਹਿਲਾਂ ਆਖ਼ਰੀ ਓਵਰ ’ਚ ਆਊਟ ਹੋਏ। ਰੋਹਿਤ ਅਤੇ ਕੋਹਲੀ ਦੀ ਜੋੜੀ ਨੇ ਤੀਜੀ ਵਿਕਟ ਲਈ 64 ਦੌੜਾਂ ਜੋੜੀਆਂ।
ਜੇਕਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਇੰਗਲੈਂਡ ਵਲੋਂ ਕਪਤਾਨ ਜੋ ਰੂਟ ਨੇ 5 ਵਿਕਟਾਂ ਲਈਆਂ ਤੇ ਜੈਕ ਲੀਚ ਨੂੰ 4 ਤੇ ਆਰਚਰ ਨੂੰ 1 ਵਿਕਟ ਮਿਲੀ। ਭਾਰਤ ਵਲੋਂ ਦੂਜੀ ਪਾਰੀ ਵਿਚ ਵੀ ਅਕਸਰ ਪਟੇਲ ਹੀ ਕਾਮਯਾਬ ਗੇਂਦਬਾਜ਼ ਰਹੇ ਜਿਸ ਨੇ ਦੂਜੀ ਪਾਰੀ ਵਿਚ 5 ਵਿਕਟਾਂ ਲਈਆਂ ਤੇ ਅਸ਼ਵਿਨ ਨੂੰ 4 ਅਤੇ ਇਸ਼ਾਂਤ ਸ਼ਰਮਾ ਨੂੰ 1 ਵਿਕਟ ਮਿਲੀ। (ਏਜੰਸੀ)