ਜੰਮੂ ਕਸ਼ਮੀਰ ਦੀਆਂ ਪਾਰਟੀਆਂ ਨੇ ਕੰਟਰੋਲ ਰੇਖਾ ’ਤੇ ਜੰਗਬੰਦੀ ਲਈ ਭਾਰਤ-ਪਾਕਿਸਤਾਨ ਸਮਝੌਤੇ ਦਾ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ ਕਸ਼ਮੀਰ ਦੀਆਂ ਪਾਰਟੀਆਂ ਨੇ ਕੰਟਰੋਲ ਰੇਖਾ ’ਤੇ ਜੰਗਬੰਦੀ ਲਈ ਭਾਰਤ-ਪਾਕਿਸਤਾਨ ਸਮਝੌਤੇ ਦਾ ਕੀਤਾ ਸਵਾਗਤ

image

ਸ੍ਰੀਨਗਰ, 25 ਫ਼ਰਵਰੀ : ਜੰਮੂ ਕਸ਼ਮੀਰ ਨੈਸ਼ਨਲ ਕਾਨਫ਼ਰੰਸ (ਜੇ ਕੇ ਐਨ ਸੀ) ਅਤੇ ਪੀਡੀਪੀ ਨੇ ਅਸਲ ਕੰਟਰੋਲ ਰੇਖਾ (ਐਲਓਸੀ) ਅਤੇ ਹੋਰ ਖੇਤਰਾਂ ਵਿਚ ਭਾਰਤ ਅਤੇ ਪਾਕਿਸਤਾਨੀ ਫ਼ੌਜਾਂ ਵਿਚਾਲੇ ਜੰਗਬੰਦੀ ਸਮਝੌਤੇ ਦਾ ਸਵਾਗਤ ਕੀਤਾ।
ਜੇ ਕੇ ਐਨ ਸੀ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਬਿਆਨ ਦੀ ਪਾਲਣਾ ਹੋਵੇਗੀ। ਜੇਕੇਐਨਸੀ ਨੇ ਹਮੇਸ਼ਾ ਕੰਟਰੋਲ ਰੇਖਾ ’ਤੇ ਜੰਗਬੰਦੀ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਸ ਨਾਲ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਆਸ ਪਾਸ ਰਹਿਣ ਵਾਲੇ ਲੋਕ ਬਿਨਾਂ ਕਿਸੇ ਰੁਕਾਵਟ ਅਤੇ ਖ਼ਤਰੇ ਦੇ ਸਧਾਰਨ ਜ਼ਿੰਦਗੀ ਗੁਜਾਰ ਸਕਣਗੇ। ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਇਕ ਟਵੀਟ ਵਿਚ ਜੰਗਬੰਦੀ ਸਮਝੌਤੇ ਸਬੰਧੀ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਗੱਲਬਾਤ ਹੀ ਇਕੋ ਰਸਤਾ ਹੈ।
ਮਹਿਬੂਬਾ ਨੇ ਕਿਹਾ ਕਿ ਇਹ ਇਕ ਵੱਡਾ ਅਤੇ ਸਵਾਗਤਯੋਗ ਘਟਨਾਕ੍ਰਮ ਹੈ ਕਿ ਭਾਰਤ ਅਤੇ ਪਾਕਿਸਤਾਨ ਕੰਟਰੋਲ ਰੇਖਾ ’ਤੇ ਜੰਗਬੰਦੀ ਲਈ ਸਮਝੌਤੇ ’ਤੇ ਪਹੁੰਚ ਗਏ ਹਨ। ਜੇ ਦੋਵੇਂ ਦੇਸ਼ ਜੰਮੂ-ਕਸ਼ਮੀਰ ਅਤੇ ਸਰਹੱਦਾਂ ’ਤੇ ਖ਼ੂਨੀ ਜੰਗ ਨੂੰ ਰੋਕਣਾ ਚਾਹੁੰਦੇ ਹਨ, ਤਾਂ ਗੱਲਬਾਤ ਹੀ ਇਕੋ ਰਸਤਾ ਹੈ। 
ਭਾਰਤ ਅਤੇ ਪਾਕਿਸਤਾਨ ਨੇ ਕੰਟਰੋਲ ਰੇਖਾ ਅਤੇ ਹੋਰ ਖੇਤਰਾਂ ਵਿਚ ਜੰਗਬੰਦੀ ਬਾਰੇ ਸਾਰੇ ਸਮਝੌਤਿਆਂ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਸਹਿਮਤ ਹੋਏ ਹਨ। ਭਾਰਤ ਅਤੇ ਪਾਕਿਸਤਾਨ ਨੇ ਵੀਰਵਾਰ ਨੂੰ ਇਕ ਸਾਂਝੇ ਬਿਆਨ ਵਿਚ ਇਹ ਜਾਣਕਾਰੀ ਦਿਤੀ।
ਬੁਧਵਾਰ ਦੀ ਅੱਧੀ ਰਾਤ ਤੋਂ ਲਾਗੂ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਆਪ੍ਰੇਸ਼ਨਾਂ ਦੇ ਡਾਇਰੈਕਟਰ ਜਨਰਲ (ਡੀਜੀਐਮਓ) ਦਰਮਿਆਨ ਹੋਈ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। (ਪੀਟੀਆਈ)
-----