ਪੀ.ਐਨ.ਬੀ. ਘਪਲਾ : ਬ੍ਰਿਟੇਨ ਵਿਚ ਹਵਾਲਗੀ ਮਾਮਲੇ ਵਿਰੁਧ ਨੀਰਵ ਮੋਦੀ ਮੁਕੱਦਮਾ ਹਾਰਿਆ

ਏਜੰਸੀ

ਖ਼ਬਰਾਂ, ਪੰਜਾਬ

ਪੀ.ਐਨ.ਬੀ. ਘਪਲਾ : ਬ੍ਰਿਟੇਨ ਵਿਚ ਹਵਾਲਗੀ ਮਾਮਲੇ ਵਿਰੁਧ ਨੀਰਵ ਮੋਦੀ ਮੁਕੱਦਮਾ ਹਾਰਿਆ

image

ਲੰਡਨ, 25 ਫ਼ਰਵਰੀ : ਪੰਜਾਬ ਨੈਸ਼ਨਲ ਬੈਂਕ ਵਿਚ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿਚ ਜਾਲਸਾਜ਼ੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਅਧੀਨ ਭਾਰਤ ਵਿਚ ਲੋੜੀਂਦਾ ਹੀਰਾ ਕਾਰੋਬਾਰੀ ਨੀਰਵ ਮੋਦੀ ਵੀਰਵਾਰ ਨੂੰ ਹਵਾਲਗੀ ਵਿਰੁਧ ਅਪਣਾ ਮੁਕੱਦਮਾ ਹਾਰ ਗਿਆ। ਬ੍ਰਿਟੇਨ ਦੀ ਇਕ ਅਦਾਲਤ ਦੇ ਜੱਜ ਨੇ ਕਿਹਾ ਕਿ ਉਸ ਵਿਰੁਧ ਇਕ ਮਾਮਲਾ ਹੈ ਜਿਸ ਵਿਚ ਉਸ ਨੂੰ ਭਾਰਤ ਦੀਆਂ ਅਦਾਲਤਾਂ ਅੱਗੇ ਜਵਾਬ ਦੇਣਾ ਹੈ। ਲੰਡਨ ਵਿਚ ਵੈਸਟਮਿਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਜ਼ਿਲ੍ਹਾ ਜੱਜ ਸੈਮੁਅਲ ਗੂਜ਼ੀ ਨੇ ਇਹ ਫ਼ੈਸਲਾ ਸੁਣਾਇਆ। ਨੀਰਵ ਮੋਦੀ (49) ਦੱਖਣ-ਪੱਛਮ ਲੰਡਨ ਵਿਚ ਵੇਂਡਸਵਰਥ ਜੇਲ ਤੋਂ ਵੀਡੀਉ Çਲੰਕ ਰਾਹੀ ਸੁਣਵਾਈ ਵਿਚ ਸ਼ਾਮਲ ਹੋਇਆ। ਜੱਜ ਗੂਜ਼ੀ ਨੇ ਅਦਾਲਤ ਵਿਚ ਅਪਣੇ ਫ਼ੈਸਲੇ ਦਾ ਕੁਝ ਹਿੱਸਾ ਪੜ੍ਹ ਕੇ ਸੁਣਾਉਂਦਿਆਂ ਕਿਹਾ,‘‘ਸ਼ੁਰੂਆਤੀ ਨਜ਼ਰ ਵਿਚ ਮੈਂ ਉਨ੍ਹਾਂ ਤੱਥਾਂ ਤੋਂ ਸੰਤੁਸ਼ਟ ਹਾਂ ਕਿ ਜਾਲਸਾਜ਼ੀ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਬਣਦਾ ਹੈ।’’ ਜੱਜ ਅਪਣੇ ਹੁਕਮ ਦੀ ਨਕਲ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਭੇਜਣਗੇ। ਭਾਰਤ-ਬ੍ਰਿਟੇਨ ਹਵਾਲਗੀ ਸਮਝੌਤੇ ਤਹਿਤ ਕੈਬਨਿਟ ਮੰਤਰੀ ਨੂੰ ਹੀ ਹਵਾਲਗੀ ਦੇ ਹੁਕਮ ਮਨਜ਼ੂਰ ਕਰਨ ਦਾ ਅਧਿਕਾਰ ਹੈ ਅਤੇ ਦੋ ਮਹੀਨਿਆਂ ਅੰਦਰ ਇਸ ’ਤੇ ਫ਼ੈਸਲਾ ਕਰਨਾ ਹੋਵੇਗਾ। ਆਮ ਤੌਰ ’ਤੇ ਅਦਾਲਤ ਦੇ ਫ਼ੈਸਲੇ ਗ੍ਰਹਿ ਮੰਤਰੀ ਵਲੋਂ ਨਹੀਂ ਪਲਟੇ ਜਾਂਦੇ। ਮੰਤਰੀ ਦਾ ਜੋ ਵੀ ਫ਼ੈਸਲਾ ਹੋਵੇ, ਨੀਰਵ ਮੋਦੀ 14 ਦਿਨਾਂ ਅੰਦਰ ਉੱਚ ਅਦਾਲਤ ਦਾ ਰੁਖ਼ ਕਰ ਸਕਦਾ ਹੈ ਅਤੇ ਗ੍ਰਹਿ ਮੰਤਰੀ ਦੇ ਫ਼ੈਸਲੇ ਤੋਂ ਬਾਅਦ ਅਪੀਲ ਕਰਨ ਦੀ ਪ੍ਰਵਾਨਗੀ ਹਾਸਲ ਕਰ ਸਕਦਾ ਹੈ।