PTU ਕੰਟੀਨ 'ਚ ਖਾਣਾ ਖਾਣ ਬਾਅਦ 60 ਵਿਦਿਆਰਥੀ ਪਹੁੰਚੇ ਹਸਪਤਾਲ, 10 ਦੀ ਛੁੱਟੀ, 30 ਇਲਾਜ ਅਧੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪਿਆਂ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ

students reached hospital

ਕਪੂਰਥਲਾ : ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਹੋਸਟਲ 'ਚ ਰਹਿੰਦੇ 60 ਤੋਂ ਵਧ ਵਿਦਿਆਰਥੀਆਂ ਦੀ ਖਾਣਾ ਖਾਣ ਤੋਂ ਬਾਅਦ ਅੱਜ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਵਿਦਿਆਰਥੀਆਂ ਦੀ ਸਿਹਤ ਵਿਗੜਨ ਦਾ ਮਾਮਲਾ ਸਾਹਮਣੇ ਆਉਣ ਬਾਅਦ ਯੂਨੀਵਰਸਿਟੀ ਕੈਂਪਸ ਵਿਚ ਹਫ਼ੜਾ-ਤਫ਼ਰੀ ਮੱਚ ਗਈ।

ਇਨ੍ਹਾਂ ਵਿਚੋਂ ਕਰੀਬ 40 ਵਿਦਿਆਰਥੀਆਂ ਨੂੰ ਸਰਕਾਰੀ ਹਸਪਤਾਲ ਕਪੂਰਥਲਾ ਵਿਚ ਇਲਾਜ ਲਈ ਭਰਤੀ ਕੀਤਾ ਗਿਆ। ਇਲਾਜ ਤੋਂ ਬਾਅਦ 10 ਵਿਦਿਆਰਥੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ 30 ਵਿਦਿਆਰਥੀ ਅਜੇ ਵੀ ਇਲਾਜ ਅਧੀਨ ਹਨ। ਵਿਦਿਆਰਥੀਆਂ ਮੁਤਾਬਿਕ ਰਾਤ ਨੂੰ ਜਿਵੇਂ ਹੀ ਹੌਸਟਲ ਦੀ ਕੰਟੀਨ ਵਿਚ ਬਣੀ ਰੋਟੀ ਖਾਧੀ ਤਾਂ ਉਨ੍ਹਾਂ ਦੀ ਸਿਹਤ ਖ਼ਰਾਬ ਹੋਣੀ ਸ਼ੁਰੂ ਹੋ ਗਈ।

ਇਸ ਤੋਂ ਬਾਅਦ ਕੁੱਝ ਵਿਦਿਆਰਥੀਆਂ ਨੂੰ ਤਾਂ ਕੈਂਪਸ ਅੰਦਰ ਹੀ ਇਲਾਜ ਮੁਹੱਈਆ ਕਰਵਾਇਆ ਗਿਆ ਅਤੇ ਕੁੱਝ ਨੂੰ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ। ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਮੁਤਾਬਕ ਸਭ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਧਰ ਯੂਨੀਵਰਸਿਟੀ ਪ੍ਰਬੰਧਕ ਵੱਲੋਂ ਅਧਿਕਾਰਿਕ ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ।

ਵਿਦਿਆਰਥੀਆਂ ਦੇ ਮਾਪਿਆਂ ਅਤੇ ਲੋਕਾਂ ਵਿਚ ਇਸ ਘਟਨਾ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਮਾਪਿਆਂ ਨੇ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀ ਵਿਅਕਤੀਆਂ ਖਿਲਾਫ ਕਰਵਾਈ ਦੀ ਮੰਗ ਕੀਤੀ ਹੈ। ਲੋਕਾਂ ਮੁਤਾਬਕ ਇਸ ਤਰ੍ਹਾਂ ਦੀ ਲਾਹਪ੍ਰਵਾਹੀ ਕਿਸੇ ਦੀ ਜਾਨ ਨਾਲ ਖਿਲਵਾੜ ਬਰਾਬਰ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।