ਪਤਨੀ ਨੇ ਚਾਹ ਨਾ ਬਣਾਈ ਤਾਂ ਪਤੀ ਨੇ ਮਾਰਿਆ ਹਥੌੜਾ, ਅਦਾਲਤ ਨੇ ਕਿਹਾ- ‘ਔਰਤ ਗ਼ੁਲਾਮ ਨਹੀਂ’

ਏਜੰਸੀ

ਖ਼ਬਰਾਂ, ਪੰਜਾਬ

ਪਤਨੀ ਨੇ ਚਾਹ ਨਾ ਬਣਾਈ ਤਾਂ ਪਤੀ ਨੇ ਮਾਰਿਆ ਹਥੌੜਾ, ਅਦਾਲਤ ਨੇ ਕਿਹਾ- ‘ਔਰਤ ਗ਼ੁਲਾਮ ਨਹੀਂ’

image

ਅਦਾਲਤ ਨੇ ਪਤਨੀ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਵਿਅਕਤੀ ਦਾ ਦੋਸ਼ ਬਰਕਰਾਰ ਰਖਿਆ

ਮੁੰਬਈ, 25 ਫ਼ਰਵਰੀ: ਬੰਬਈ ਹਾਈ ਕੋਰਟ ਨੇ ਅਪਣੀ ਪਤਨੀ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ 35 ਸਾਲਾ ਇਕ ਵਿਅਕਤੀ ਦਾ ਦੋਸ਼ ਬਰਕਰਾਰ ਰਖਿਆ। ਅਦਾਲਤ ਨੇ ਕਿਹਾ ਕਿ ਪਤੀ ਲਈ ਚਾਹ ਬਣਾਉਣ ਤੋਂ ਇਨਕਾਰ ਕਰਨਾ ਪਤਨੀ ਨੂੰ ਕੁੱਟਣ ਲਈ ਉਕਸਾਉਣ ਦਾ ਕਾਰਨ ਮਨਜ਼ੂਰ ਨਹੀਂ ਕੀਤਾ ਜਾ ਸਕਦਾ। 
ਅਦਾਲਤ ਨੇ ਕਿਹਾ ਕਿ ਪਤਨੀ ਕੋਈ ਗ਼ੁਲਾਮ ਜਾਂ ਕੋਈ ਵਸਤੂ ਨਹੀਂ ਹੈ। ਜੱਜ ਰੇਵਤੀ ਮੋਹਿਤੇ ਦੇਰੇ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਪਾਸ ਆਦੇਸ਼ ’ਚ ਕਿਹਾ ਕਿ ਵਿਆਹ ਸਮਾਨਤਾ ’ਤੇ ਆਧਾਰਤ ਸਾਂਝੇਦਾਰੀ ਹੈ, ਪਰ ਸਮਾਜ ’ਚ ਪੁਰਖਾਂ ਦੀ ਧਾਰਨਾ ਹਾਲੇ ਵੀ ਕਾਇਮ ਹੈ ਅਤੇ ਹੁਣ ਵੀ ਇਹ ਸਮਝਿਆ ਜਾਂਦਾ ਹੈ ਕਿ ਔਰਤ ਪੁਰਸ਼ ਦੀ ਜਾਇਦਾਦ ਹੈ, ਜਿਸ ਕਾਰਨ ਪੁਰਸ਼ ਇਹ ਸੋਚਣ ਲਗਦਾ ਹੈ ਕਿ ਔਰਤ ਉਸ ਦੀ ‘ਗ਼ੁਲਾਮ’ ਹੈ। 
ਅਦਾਲਤ ਨੇ ਕਿਹਾ ਕਿ ਜੋੜੇ ਦੀ 6 ਸਾਲਾ ਧੀ ਦਾ ਬਿਆਨ ਭਰੋਸਾ ਕਰਨ ਲਾਇਕ ਹੈ। ਅਦਾਲਤ ਨੇ 2016 ’ਚ ਇਕ ਸਥਾਨਕ ਅਦਾਲਤ ਵਲੋਂ ਸੰਤੋਸ਼ ਅਖ਼ਤਰ (35) ਨੂੰ ਦਿਤੀ 10 ਸਾਲ ਦੀ ਸਜ਼ਾ ਬਰਕਰਾਰ ਰੱਖੀ। ਅਖ਼ਤਰ ਨੂੰ ਗ਼ੈਰ-ਇਰਾਦਤਨ ਕਤਲ ਦਾ ਦੋਸ਼ੀ ਠਹਿਰਾਇਆ ਹੈ। ਆਦੇਸ਼ ਅਨੁਸਾਰ, ਦਸੰਬਰ 2013 ’ਚ ਅਖ਼ਤਰ ਦੀ ਪਤਨੀ ਉਸ ਲਈ ਚਾਹ ਬਣਾਏ ਬਿਨਾਂ ਬਾਹਰ ਜਾਣ ਦੀ ਗੱਲ ਕਰ ਰਹੀ ਸੀ, ਜਿਸ ਤੋਂ ਬਾਅਦ ਅਖ਼ਤਰ ਨੇ ਹਥੌੜੇ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ ਅਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। 
ਮਾਮਲੇ ਦੀ ਪੂਰੀ ਜਾਣਕਾਰੀ ਅਤੇ ਜੋੜੇ ਦੀ ਧੀ ਅਨੁਸਾਰ, ਅਖ਼ਤਰ ਨੇ ਇਸ ਤੋਂ ਬਾਅਦ ਹਾਦਸੇ ਵਾਲੀ ਥਾਂ ਨੂੰ ਸਾਫ਼ ਕੀਤਾ ਅਤੇ ਅਪਣੀ ਪਤਨੀ ਨੂੰ ਇਸ਼ਨਾਨ ਕਰਵਾਇਆ ਅਤੇ ਮੁੜ ਹਸਪਤਾਲ ’ਚ ਦਾਖ਼ਲ ਕਰਵਾਇਆ। ਜਨਾਨੀ ਦੀ ਕਰੀਬ ਇਕ ਹਫ਼ਤੇ ਹਸਪਤਾਲ ’ਚ ਭਰਤੀ ਰਹਿਣ ਤੋਂ ਬਾਅਦ ਮੌਤ ਹੋ ਗਈ। ਬਚਾਅ ਪੱਖ ਨੇ ਦਲੀਲ ਦਿਤੀ ਕਿ ਅਖ਼ਤਰ ਦੀ ਪਤਨੀ ਨੇ ਉਸ ਲਈ ਚਾਹ ਬਣਾਉਣ ਤੋਂ ਇਨਕਾਰ ਕਰ ਦਿਤਾ ਸੀ, ਜਿਸ ਕਾਰਨ ਉਕਸਾਵੇ ’ਚ ਆ ਕੇ ਉਸ ਨੇ ਇਹ ਅਪਰਾਧ ਕੀਤਾ। 
ਅਦਾਲਤ ਨੇ ਇਹ ਤਰਕ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿਤਾ। ਉਸ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਨਾਲ ਇਹ ਸਵੀਕਾਰ ਨਹੀਂ ਕੀਤੀ ਜਾ ਸਕਦਾ ਕਿ ਔਰਤ ਨੇ ਚਾਹ ਬਣਾਉਣ ਤੋਂ ਇਨਕਾਰ ਕਰ ਕੇ ਅਪਣੇ ਪਤੀ ਨੂੰ ਉਕਸਾਇਆ, ਜਿਸ ਕਾਰਨ ਉਸ ਨੇ ਅਪਣੀ ਪਤਨੀ ’ਤੇ ਜਾਨਲੇਵਾ ਹਮਲਾ ਕੀਤਾ। 
ਅਦਾਲਤ ਨੇ ਕਿਹਾ ਕਿ ਔਰਤਾਂ ਦੀ ਸਮਾਜਿਕ ਸਥਿਤੀਆਂ ਕਾਰਨ ਉਹ ਖ਼ਦ ਨੂੰ ਅਪਣੇ ਪਤੀਆਂ ਨੂੰ ਸੌਂਪ ਦਿੰਦੀਆਂ ਹਨ। ਉਸ ਨੇ ਕਿਹਾ ਕਿ ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ ’ਚ ਪੁਰਸ਼ ਖ਼ੁਦ ਨੂੰ ਸਰਵੋਤਮ ਅਤੇ ਅਪਣੀਆਂ ਪਤਨੀਆਂ ਨੂੰ ਗ਼ੁਲਾਮ ਸਮਝਣ ਲਗਦੇ ਹਨ। (ਏਜੰਸੀ)