ਮੋਗਾ : ਮੋਗਾ 'ਚ ਚੜ੍ਹਦੀ ਸਵੇਰ ਇਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇਕ ਸਕੂਲ ਬੱਸ ਅਤੇ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਮੋਗਾ ਦੇ ਚੜਿੱਕ ਰੋੜ ਨੇੜੇ ਅੱਜ ਸਵੇਰੇ ਉਦੋਂ ਵਾਪਰਿਆ ਜਦੋਂ ਐੱਚ. ਐੱਸ. ਬਰਾੜ ਸਕੂਲ ਬਾਘਾ ਪੁਰਾਣਾ ਦੀ ਬੱਸ ਬੱਚਿਆਂ ਅਤੇ ਅਧਿਆਪਕਾਂ ਨੂੰ ਲੈ ਕੇ ਸਕੂਲ ਜਾ ਰਹੀ ਸੀ, ਇਸ ਦੌਰਾਨ ਬੱਸ ਦੀ ਟਰਾਲੇ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ।
ਇਸ ਹਾਦਸੇ 'ਚ ਚਾਰ ਵਿਦਿਆਰਥੀ, ਦੋ ਅਧਿਆਪਕ ਅਤੇ ਦੋਵੇਂ ਵਾਹਨਾਂ ਦੇ ਡਰਾਈਵਰ ਸਮੇਤ ਅੱਠ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਵੈਨ ਚਾਲਕ ਦੀ ਗਲਤੀ ਸਾਫ਼ ਨਜ਼ਰ ਆ ਰਹੀ ਹੈ, ਜਿਸ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਰਾਹਗੀਰਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਦੀਆਂ ਲੱਤਾਂ ਕਾਫੀ ਦੇਰ ਤੱਕ ਬੱਸ ਦੇ ਇੰਜਣ ਵਿਚ ਹੀ ਫਸੀਆਂ ਰਹੀਆਂ ਜਿਸ ਨੂੰ ਬਾਹਰ ਕੱਢਣ ਲਈ ਭਾਰੀ ਮੁਸ਼ੱਕਤ ਕਰਨੀ ਪਈ।
ਰਾਹਤ ਦੀ ਗੱਲ ਇਹ ਰਹੀ ਕਿ ਬੱਸ ਵਿਚ ਮੌਜੂਦ ਵਿਦਿਆਰਥੀਆਂ ਨੂੰ ਮਾਮੂਲੀ ਖਰੋਚਾਂ ਹੀ ਆਈਆਂ ਹਨ ਜਦਕਿ ਗੰਭੀਰ ਜ਼ਖਮੀ ਡਰਾਈਵਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।