ਰਵਾਇਤੀ ਸੱਤਾਧਾਰੀ ਦਲਾਂ ਦੀ ਬੇਈਮਾਨ ਨੀਅਤ ਅਤੇ ਨਲਾਇਕ ਨੀਤੀਆਂ ਨੇ ਪੰਜਾਬ ਦਾ ਚੌਗਿਰਦਾ ਤਬਾਹ ਕੀਤਾ : ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਰਵਾਇਤੀ ਸੱਤਾਧਾਰੀ ਦਲਾਂ ਦੀ ਬੇਈਮਾਨ ਨੀਅਤ ਅਤੇ ਨਲਾਇਕ ਨੀਤੀਆਂ ਨੇ ਪੰਜਾਬ ਦਾ ਚੌਗਿਰਦਾ ਤਬਾਹ ਕੀਤਾ : ਭਗਵੰਤ ਮਾਨ

image

ਚੰਡੀਗੜ, 26 ਫ਼ਰਵਰੀ (ਨਰਿੰਦਰ ਸਿੰਘ ਝਾਮਪੁਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ, ਸੰਸਦ ਮੈਂਬਰ ਅਤੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਖ਼ਰਾਬ ਹੋ ਚੁੱਕੀ ਆਬੋ-ਹਵਾ ਉਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ। ਮਾਨ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਅਗਲੀਆਂ ਪੀੜ੍ਹੀਆਂ ਦੀ ਹੋਂਦ ਲਈ ਖ਼ਤਰਾ ਬਣੀ ਇਸ ਚੁਣੌਤੀ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕੇਗੀ ਅਤੇ ਇਸ ਮਿਸ਼ਨ ਲਈ ਸੂਬੇ ਦੇ ਅਵਾਮ, ਮਾਹਰਾਂ ਅਤੇ ਸਮਾਜ ਸੇਵੀ ਸੰਗਠਨਾਂ ਸਮੇਤ ਐਨ.ਆਰ.ਆਈ ਭਾਈਚਾਰੇ ਦਾ ਵਡਮੁੱਲਾ ਸਹਿਯੋਗ ਲਵੇਗੀ। 
ਅੱਜ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦਸਿਆ, ’’ਪੰਜਾਬ ਦੀ ਪਛਾਣ ਇਥੇ ਵਗਦੇ ਨਿਰਮਲ ਦਰਿਆ, ਨਦੀਆਂ, ਪਾਣੀ ਅਤੇ ਉਪਜਾਊ ਜ਼ਮੀਨ ਕਾਰਨ ਰਹੀ ਹੈ। ਪਰ ਆਜ਼ਾਦੀ ਤੋਂ ਬਾਅਦ ਭੁੱਖਮਰੀ ਦਾ ਸ਼ਿਕਾਰ ਦੇਸ਼ ਦੀਆਂ ਅਨਾਜ ਲੋੜਾਂ ਦੀ ਪੂਰਾ ਕਰਨ ਲਈ ਪੰਜਾਬ ਵਾਸੀਆਂ ਨੇ ਅਪਣੇ ਜੰਗਲ, ਜ਼ਮੀਨ ਅਤੇ ਜਲ ਬੁਰੀ ਤਰਾਂ ਦਾਅ ’ਤੇ ਲਗਾ ਦਿਤੇ। ਨਤੀਜੇ ਵਜੋਂ ਹੁਣ ਪੰਜਾਬ ਦੀ ਜ਼ਮੀਨ, ਪਾਣੀ ਅਤੇ ਹਵਾ ਲਗਾਤਾਰ ਖ਼ਰਾਬ ਹੋ ਰਹੇ ਹਨ।’’ ਇਸ ਅਣਕਿਆਸੇ ਨੁਕਸਾਨ ਲਈ ਜ਼ਿੰਮੇਵਾਰ ਪੰਜਾਬ ਦੇ ਲੋਕ ਅਤੇ ਕਿਸਾਨ ਨਹੀਂ, ਸਿਰਫ਼ ਅਤੇ ਸਿਰਫ਼ ਸਰਕਾਰਾਂ ਅਤੇ ਉਹ ਸਿਆਸੀ ਧਿਰਾਂ ਹਨ, ਜਿਨ੍ਹਾਂ ਨੇ ਅੱਜ ਤਕ ਪੰਜਾਬ ਅਤੇ ਕੇਂਦਰ ’ਚ ਰਾਜ ਕੀਤਾ ਹੈ। ਜੇਕਰ ਸੱਤਾਧਾਰੀ ਧਿਰਾਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਦੂਰਅੰਦੇਸ਼ ਨੀਤੀ ਅਤੇ ਪੰਜਾਬ ਲਈ ਹਮਦਰਦ ਨੀਅਤ ਰੱਖਦੇ ਹੁੰਦੇ ਤਾਂ ਪੰਜਾਬ ਦੇ ਕੁਦਰਤੀ ਜਲ ਸਰੋਤਾਂ, ਜੰਗਲਾਂ ਅਤੇ ਜ਼ਰਖ਼ੇਜ਼ ਜ਼ਮੀਨਾਂ ਦਾ ਇੰਝ ਬੁਰਾ ਹਾਲ ਨਾ ਹੁੰਦਾ। ਇਹ ਚਿਤਾਵਨੀਆਂ ਨਾ ਮਿਲਦੀਆਂ ਕਿ ਜੇਕਰ ਪੰਜਾਬ ਦੇ ਬਰਸਾਤੀ, ਦਰਿਆਈ ਅਤੇ ਜ਼ਮੀਨਦੋਜ਼ ਪਾਣੀ ਨੂੰ ਨਾ ਸੰਭਾਲਿਆ ਤਾਂ ਪੰਜਾਬ ਰੇਗਿਸਤਾਨ ਬਣ ਜਾਵੇਗਾ। ਪ੍ਰੰਤੂ ਇਨ੍ਹਾਂ ਸੱਤਾਧਾਰੀਆਂ ਨੇ ਕਦੇ ਕੋਈ ਪਰਵਾਹ ਨਹੀਂ ਕੀਤੀ ਕਿ ਪ੍ਰਦੂਸ਼ਿਤ ਹੋ ਰਹੀ ਆਬੋ-ਹਵਾ ਅਤੇ ਧਰਤੀ ਹੇਠਲੇ ਪਾਣੀ ਨੂੰ ਹੋਰ ਡੂੰਘਾ ਉਤਰਣ ਤੋਂ ਕਿਵੇਂ ਰੋਕਿਆ ਜਾਵੇ? ਘਟਦੇ ਜਾ ਰਹੇ ਕੁਦਰਤੀ ਅਤੇ ਦਰਿਆਈ ਜਲ ਸਰੋਤਾਂ ਦੀ ਸੁਚੱਜੀ ਵਰਤੋਂ ਕਿਵੇਂ ਹੋਵੇ? ਫ਼ਸਲਾਂ ਲਈ ਖਾਦਾਂ ਅਤੇ ਕੀਟਨਾਸਕਾਂ, ਨਦੀਨ ਨਾਸਕਾਂ ਦੀ ਅੰਨੇਵਾਹ ਵਰਤੋਂ ਰੋਕਣ ਲਈ ਕੀ ਕਦਮ ਚੁੱਕੇ ਜਾਣ? ਰੁੱਖਾਂ ਅਤੇ ਜੰਗਲਾਂ ਹੇਠ ਰਕਬਾ ਕਿਵੇਂ ਵਧਾਇਆ ਜਾਵੇ? ਇਹ ਸਾਰੀਆਂ ਧਿਆਨ ਮੰਗਦੀਆਂ ਗੱਲਾਂ ਹਨ, ਜਿਨਾਂ ਬਾਰੇ ਕਾਂਗਰਸ, ਕੈਪਟਨ ਅਤੇ ਬਾਦਲਾਂ ਨੇ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ, ਕਿਉਂਕਿ ਇਹ ਸੱਤਾਧਾਰੀ ਭ੍ਰਿਸ਼ਟਾਚਾਰੀ ਅਤੇ ਮਾਫ਼ੀਆ ਰਾਜ ਰਾਹੀਂ ਅਪਣਾ ਘਰ ਭਰਨ ਤਕ ਸੀਮਤ ਰਹੇ। 
ਭਗਵੰਤ ਮਾਨ ਨੇ ਕਿਹਾ ਕਿ ਅੱਜ ਹਾਲਤ ਇਹ ਹੈ ਕਿ ‘ਪਾਣੀ’ ਦੇ ਨਾਂ ’ਤੇ ਜਾਣਿਆ ਜਾਂਦਾ ਪੰਜਾਬ ਸੁੱਕਦਾ ਜਾ ਰਿਹਾ ਹੈ। ਪੰਜਾਬ ਦੇ ਮਾਲਵਾ, ਦੁਅਬਾ ਅਤੇ ਪੁਆਧ ਹਲਕੇ ਜ਼ਮੀਨਦੋਜ਼ ਪਾਣੀ ਤੋਂ ਖ਼ਾਲੀ ਹੋ ਗਏ ਹਨ। ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ’ਤੇ ਰਾਜ ਕਰਦੀਆਂ ਰਹੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇਥੇ ਦੇ ਕੁਦਰਤੀ ਸਾਧਨਾਂ ਜਲ, ਜੰਗਲ ਅਤੇ ਜ਼ਮੀਨ ਨੂੰ ਲੁੱਟਿਆ ਅਤੇ ਬਰਬਾਦ ਕੀਤਾ ਹੈ ਅਤੇ ਅਪਣੇ ਘਰ ਦੌਲਤ ਨਾਲ ਭਰੇ ਹਨ। ਮਾਨ ਨੇ ਕਿਹਾ ਕਿ ਪੰਜਾਬ ’ਚੋਂ ਖ਼ਤਮ ਹੋ ਰਹੇ ਜੰਗਲ, ਜ਼ਮੀਨ ਅਤੇ ਪਾਣੀ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਹਨ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਇਨਾਂ ਕੁਦਰਤੀ ਸਾਧਨਾਂ- ਸਰੋਤਾਂ ਦੀ ਸਾਂਭ- ਸੰਭਾਲ ਲਈ ਸੱਭ ਦੇ ਸਹਿਯੋਗ ਨਾਲ ਪਹਿਲ ਦੇ ਆਧਾਰ ’ਤੇ ਕੰਮ ਕਰੇਗੀ ਤਾਂ ਜੋ ਪੰਜਾਬ ਮੁੱੜ ਤੋਂ ਖ਼ੁਸ਼ਹਾਲ ਪੰਜਾਬ ਬਣ ਸਕੇ।