ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਅਤੇ ਕਾਮਿਆਂ ਲਈ ਸਾਰਥਕ ਕਦਮ ਚੁੱਕਣ ਦੀ ਥਾਂ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਹਨ ਪੰਜਾਬ ਦੇ ਲੀਡਰ: ਬੀਰ ਦਵਿੰਦਰ
ਪਿਛਲੇ 20 ਸਾਲਾਂ ਦੌਰਾਨ ਇਹਨਾਂ 2 ਘਰਾਣਿਆਂ ਨੇ ਪੰਜਾਬ ਦੇ ਆਰਥਿਕ ਸ੍ਰੋਤਾਂ ਨੂੰ ਆਪਣੇ ਨਿੱਜੀ ਹਿੱਤਾ ਲਈ ਰੱਜ ਕੇ ਲੁੱਟਿਆ।
ਚੰਡੀਗੜ੍ਹ - ਅੱਜ ਇਥੇ ਇਕ ਬਿਆਨ ਵਿਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਆਖਿਆ ਕਿ ਯੂਕ੍ਰੇਨ ਵਿਚ ਫੱਸੇ ਪੰਜਾਬੀ ਵਿਦਿਆਰਥੀਆਂ, ਕਿਰਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਲਈ ਪੰਜਾਬ ਦੇ ਦੋ ਵੱਡੇ ਘਰਾਣੇ ਜ਼ਿੰਮੇਵਾਰ ਹਨ। ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਅਤੇ ਬਾਦਲਾਂ ਵੱਲੋਂ ਪਿਛਲੇ 20 ਸਾਲਾਂ ਦੌਰਾਨ ਕੀਤੀਆਂ ਗਲਤੀਆਂ ਦਾ ਖਾਮਿਆਜ਼ਾ ਯੂਕ੍ਰੇਨ ਵਿਚ ਫਸੇ ਵਿਦਿਆਰਥੀ, ਕਿਰਤੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਭੁਗਤ ਰਹੇ ਹਨ। ਉਹਨਾਂ ਆਖਿਆ ਕਿ ਪਿਛਲੇ 20 ਸਾਲਾਂ ਦੌਰਾਨ ਇਹਨਾਂ 2 ਘਰਾਣਿਆਂ ਨੇ ਪੰਜਾਬ ਦੇ ਆਰਥਿਕ ਸ੍ਰੋਤਾਂ ਨੂੰ ਆਪਣੇ ਨਿੱਜੀ ਹਿੱਤਾ ਲਈ ਰੱਜ ਕੇ ਲੁੱਟਿਆ।
ਇਹ ਵੱਡੇ ਰਜਵਾੜੇ ਅਤੇ ਜਗੀਰਦਾਰ, ਭੋਲੇ-ਭਾਲੇ ਪੰਜਾਬੀਆਂ ਨੂੰ ਕੇਵਲ ਆਟਾ-ਦਾਲ ਵਿਚ ਭਰਮਾ ਕੇ ਵੋਟਾਂ ਬਟੋਰਨ ਲਈ ਵਰਤਦੇ ਰਹੇ ਅਤੇ ਆਪ ਲੈਂਡ-ਸੈਂਡ, ਨਸ਼ਾ, ਟ੍ਰਾਂਸਪੋਰਟ, ਕੇਬਲ ਅਤੇ ਬਿਜਲੀ ਮਾਫੀਏ ਰਾਹੀਂ ਲੋਕਾਂ ਦਾ ਪੈਸਾ ਲੁੱਟ ਕੇ ਆਪਣੀਆਂ ਟ੍ਰਾਂਸਪੋਰਟਾਂ, ਸੁੱਖ ਵਿਲਾਸ ਵਿਲੇ ਅਤੇ ਸਿਸਵਾ ਮਹਿਲ ਉਸਾਰਦੇ ਰਹੇ। ਇਹ ਘਰਾਣੇ ਪੰਜਾਬ ਵਿਚ ਉੱਚ ਮੈਡੀਕਲ ਸਿੱਖਿਆ ਦੇ ਢਾਂਚੇ ਨੂੰ ਵਿਕਸਿਤ ਕਰਨ ਦੀ ਥਾਂ ਤੇ ਆਪਣੀਆਂ ਸਲਤਨਤਾ ਅਤੇ ਦੌਲਤਾਂ ਵਿਚ ਵਾਧਾ ਕਰਦੇ ਰਹੇ। ਉਹਨਾਂ ਆਖਿਆ ਕਿ ਹੁਣ ਹਰਸਿਮਰਤ ਬਾਦਲ ਅਤੇ ਹੋਰ ਲੀਡਰ ਕੇਵਲ ਹੈਲਪਲਾਈਨ ਨੰਬਰ ਜਾਰੀ ਕਰਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਜਦੋਂ ਕਿ ਉਹਨਾਂ ਨੇ ਆਪਣੇ ਰਾਜ ਭਾਗ ਦੌਰਾਨ ਇਕ ਵੀ ਮੈਡੀਕਲ ਕਾਲਜ ਨਹੀਂ ਖੋਲ੍ਹਿਆ।
ਨਵਾਂ ਮੈਡੀਕਲ ਕਾਲਜ ਤਾਂ ਦੂਰ ਦੀ ਗੱਲ ਹੈ ਇਹ ਲੀਡਰ ਪੰਜਾਬ ਵਿਚ ਪਹਿਲਾਂ ਸਥਾਪਿਤ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਇਕ ਸੀਟ ਦਾ ਵਾਧਾ ਨਹੀਂ ਕਰਵਾ ਸਕੇ। ਇਹਨਾਂ ਦੋਹਾਂ ਰਾਜਨੀਤਿਕ ਘਰਾਣਿਆਂ ਦੀਆਂ ਗਲਤੀਆਂ ਕਾਰਨ ਹੀ ਪੰਜਾਬੀਆਂ ਦੇ ਬੱਚੇ ਘਰ ਗਹਿਣੇ ਰੱਖਕੇ ਮੈਡੀਕਲ ਦੀ ਪੜ੍ਹਾਈ ਲਈ ਵਿਦੇਸ਼ ਜਾਣ ਲਈ ਮਜ਼ਬੂਰ ਹੋਏ ਅਤੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਇਆ ਵੀ ਫੀਸਾਂ ਦੇ ਰੂਪ ਵਿਚ ਵਿਦੇਸ਼ਾਂ ਵਿਚ ਗਿਆ। ਉਹਨਾਂ ਆਖਿਆ ਕਿ ਉਥੇਂ ਫਸੇ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਮੁਫ਼ਤ ਫਲਾਈਟਾਂ ਰਾਹੀਂ ਵਾਪਿਸ ਮੰਗਵਾਉਣ ਦੇ ਨਾਲ-ਨਾਲ ਉਹਨਾਂ ਦੇ ਕਾਲਜਾਂ ਤੋਂ ਸਬੰਧਿਤ ਏਅਰਪੋਰਟ ਤੱਕ ਪਹੁੰਚਣ ਲਈ ਟੈਕਸੀਆਂ ਅਤੇ ਉਹਨਾਂ ਦੇ ਖਾਤਿਆਂ ਵਿਚ ਖਾਣ ਪੀਣ ਅਤੇ ਹੋਰ ਲੋੜੀਂਦੇ ਪੈਸੇ ਦਾ ਪ੍ਰਬੰਧ ਵੀ ਭਾਰਤ ਸਰਾਕਰ ਦੇ ਵਿਦੇਸ਼ ਮੰਤਰਾਲੇ ਵੱਲੋਂ ਕੀਤਾ ਜਾਵੇ।
ਉਹਨਾਂ ਆਖਿਆ ਕਿ ਹੁਣ ਮੱਗਰਮੱਛ ਦੇ ਹੰਝੂ ਵਹਾਉਣ ਨਾਲੋਂ ਇਹ ਲੀਡਰ ਮੋਦੀ ਤੋਂ ਮੰਗ ਕਰਨ ਕਿ ਜੋ ਬੱਚੇ ਹੁਣ ਵਿਦੇਸ਼ੀ ਪੜ੍ਹਾਈ ਅਧੂਰੀ ਛੱਡ ਕੇ ਵਾਪਿਸ ਪੰਜਾਬ ਆਉਣਗੇ। ਉਹਨਾਂ ਦੀ ਬਕਾਇਆ ਪੜ੍ਹਾਈ ਦਾ ਪ੍ਰਬੰਧ ਪੰਜਾਬ ਵਿਚ ਹੀ ਬਿਨ੍ਹਾਂ ਕਿਸੇ ਫੀਸ ਤੋਂ ਕੀਤਾ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਵਿਦੇਸ਼ੋਂ ਪਰਤ ਰਹੇ ਇਹਨਾਂ ਬੱਚਿਆਂ ਦੀ ਬਕਾਇਆ ਪੜ੍ਹਾਈ ਲਈ ਤੁਰੰਤ ਪ੍ਰਭਾਵ ਨਾਲ ਨਵੇਂ ਮੈਡੀਕਲ ਕਾਲਜ ਬਣਨੇ ਸੰਭਵ ਨਹੀਂ, ਇਸ ਲਈ ਬਿਆਨ ਦੇ ਕੇ ਸਸਤੀ ਸ਼ੌਹਰਤ ਹਾਸਿਲ ਕਰਨ ਨਾਲੋਂ ਕੈਪਟਨ ਆਪਣਾ ਸਿਸਵਾ ਮਹਿਲ ਅਤੇ ਸੁਖਬੀਰ ਸੁੱਖਵਿਲਾਸ ਵਿਲਾ ਆਰਜ਼ੀ ਤੌਰ ਤੇ ਮੈਡੀਕਲ ਕਾਲਜ ਖੋਲ੍ਹਣ ਲਈ ਸਰਕਾਰ ਨੂੰ ਦੇਣ ਤਾਂ ਜੋ ਇਹਨਾਂ ਬੱਚਿਆਂ ਦੇ ਰਹਿੰਦੇ ਕੋਰਸ ਪੰਜਾਬ ਵਿਚ ਹੀ ਪੂਰੇ ਹੋ ਸਕਣ।
ਉਹਨਾਂ ਆਖਿਆ ਕਿ ਪੰਜਾਬ ਵਿਚ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ, ਮੋਦੀ-ਮੋਦੀ ਦਾ ਰਾਗ ਅਲਾਪਣ ਵਾਲੇ ਪੰਜਾਬ ਦੇ ਇਹਨਾਂ ਮੋਦੀ ਭਗਤ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਮੋਦੀ ਪਾਸੋਂ ਇਹਨਾਂ ਵਿਦਿਆਰਥੀਆਂ ਵੱਲੋਂ ਮੈਡੀਕਲ ਪੜਾਈ ਲਈ ਬੈਂਕਾਂ ਤੋਂ ਲਏ ਕਰਜ਼ਿਆਂ ਨੂੰ ਤੁਰੰਤ ਬਿਨ੍ਹਾਂ ਕਿਸੇ ਦੇਰੀ ਤੋਂ ਮੁਆਫ਼ ਕਰਵਾਉਣ। ਇਸ ਘਟਨਾ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਖਾਮੋਸ਼ੀ ਬਾਰੇ ਪੁੱਛੇ ਜਾਣ ਤੇ ਉਹਨਾਂ ਆਖਿਆ ਕਿ ਲੋਕਾਂ ਦੀਆਂ ਸੱਮਸਿਆਵਾਂ ਤੋਂ ਬੇਪਰਵਾਹ ਹੋ ਕੇ ਅਜੇ ਵੀ ਉਹ ਨੀਰੋ ਸੀਸਵਾਂ ਮਹਿਲ ਵਿਚ ਬੰਸਰੀ ਵਜਾ ਰਿਹਾ ਹੈ।