ਯੂਕਰੇਨ ’ਚ ਫਸੇ ਤਪਾ ਮੰਡੀ ਦੇ 2 ਨੌਜਵਾਨ, ਪੰਜ ਵਰ੍ਹੇ ਪਹਿਲਾਂ ਗਏ ਸਨ ਡਾਕਟਰੀ ਦੀ ਪੜ੍ਹਾਈ ਕਰਨ

ਏਜੰਸੀ

ਖ਼ਬਰਾਂ, ਪੰਜਾਬ

ਯੂਕਰੇਨ ’ਚ ਫਸੇ ਤਪਾ ਮੰਡੀ ਦੇ 2 ਨੌਜਵਾਨ, ਪੰਜ ਵਰ੍ਹੇ ਪਹਿਲਾਂ ਗਏ ਸਨ ਡਾਕਟਰੀ ਦੀ ਪੜ੍ਹਾਈ ਕਰਨ

image

ਬਰਨਾਲਾ/ਤਪਾ ਮੰਡੀ (ਗਰੇਵਾਲ) : ਰੂਸ ਅਤੇ ਯੂਕ੍ਰੇਨ ’ਚ ਚੱਲ ਰਹੀ ਲੜਾਈ ਨੇ ਪੂਰੀ ਦੁਨੀਆਂ ਨੂੰ ਚਿੰਤਾ ’ਚ ਪਾਇਆ ਹੋਇਆ ਹੈ। ਆਪਸੀ ਖਹਿਬਾਜ਼ੀ ’ਚ ਹੋ ਰਹੀ ਮਾਨਵਤਾ ਦੇ ਘਾਣ ’ਚ ਜਿਥੇ ਹਰ ਇਨਸਾਨ ਡਰਿਆ ਨਜ਼ਰ ਆ ਰਿਹਾ ਹੈ, ਉਥੇ ਹੀ ਸਥਾਨਕ ਸ਼ਹਿਰ ਦੇ ਦੋ ਪ੍ਰਵਾਰ ਅਜਿਹੇ ਹਨ ਜੋ ਇਸ ਲੜਾਈ ਕਾਰਨ ਡੂੰਘੀ ਚਿੰਤਾ ’ਚ ਡੁੱਬੇ ਨਜ਼ਰ ਆ ਰਹੇ ਹਨ। ਬੱਚਿਆਂ ਦੇ ਮਾਪਿਆਂ ਨੇ ਭਰੇ ਮਨ ਨਾਲ ਦਸਿਆ ਕਿ ਸਾਡੇ ਦੋਵੇਂ ਨੌਜਵਾਨ ਬੇਟੇ ਬੀਤੇ ਪੰਜ ਵਰਿ੍ਹਆਂ ਤੋਂ ਡਾਕਟਰੀ ਦੀ ਪੜ੍ਹਾਈ ਕਰਨ ਗਏ ਸਨ। ਡਾ. ਧੀਰਜ ਕੁਮਾਰ ਨਿਵਾਸੀ ਤਪਾ ਦਾ ਪੁੱਤਰ ਕਨਵਰ ਸ਼ਰਮਾ ਅਤੇ ਅਸ਼ੋਕ ਕੁਮਾਰ ਦਾ ਪੁੱਤਰ ਹਰਸ਼ਿਤ ਬਾਂਸਲ ਯੂਕਰੇਨ ਦੇ ਸ਼ਹਿਰ ’ਚ ਫਸੇ ਹੋਏ ਹਨ ਜਿਥੇ ਉਨ੍ਹਾਂ ਨੂੰ ਖਾਣ-ਪੀਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨਾ ਤਾਂ ਯੂਕਰੇਨ ਦੀ ਸਰਕਾਰ ਉਨ੍ਹਾਂ ਦੀ ਬਾਂਹ ਫੜ ਰਹੀ ਹੈ ਨਾ ਹੀ ਭਾਰਤ ਸਰਕਾਰ ਵਲੋਂ ਕੋਈ ਰਾਹਤ ਕਾਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੱਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਸਰਕਾਰ ਵਲੋਂ ਜਿਸ ਜਗ੍ਹਾ ’ਤੇ ਬੱਚਿਆਂ ਨੂੰ ਆਉਣ ਲਈ ਕਿਹਾ ਗਿਆ ਹੈ ਉਸ ਜਗ੍ਹਾ ਤੋਂ ਬੱਚੇ ਲਗਭਗ ਇਕ ਹਜ਼ਾਰ ਕਿਲੋਮੀਟਰ ਦੂਰ ਬੈਠੇ ਹਨ। ਲਿਖਤੀ ਰੂਪ ’ਚ ਉਨ੍ਹਾਂ ਨੂੰ ਕੋਈ ਵੀ ਭਰੋਸਾ ਨਹੀਂ ਦਿਵਾਇਆ ਗਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ ਅਤੇ ਕਿਸ ਤਰ੍ਹਾਂ ਉਹ ਉਸ ਜਗ੍ਹਾ ’ਤੇ ਪਹੁੰਚਣ। ਦੋਵਾਂ ਪ੍ਰਵਾਰਾਂ ਨੇ ਕੇਂਦਰ ਸਰਕਾਰ ਤੋਂ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਡਾ. ਸ਼ਰਮਾ ਨੇ ਦਸਿਆ ਕਿ ਉਨ੍ਹਾਂ ਦਾ ਬੇਟਾ ਐਮ.ਬੀ.ਬੀ.ਐਸ. ’ਚ ਪੰਜਵੇਂ ਸਾਲ ’ਚ ਹੈ ਅਤੇ ਉਨ੍ਹਾਂ ਦੇ ਗੁਆਂਢੀ ਦਾ ਬੇਟਾ ਵੀ ਐਮ.ਬੀ.ਬੀ.ਐਸ. ਕਰ ਰਿਹਾ ਹੈ। ਦੋਵਾਂ ਮੁਲਕਾਂ ਦੀ ਲੜਾਈ ਛਿੜਨ ਨਾਲ ਉਥੋਂ ਦੇ ਕਾਲਜ ਬੰਦ ਹਨ ਅਤੇ ਕਰਫ਼ਿਊ ਵਰਗੇ ਹਾਲਾਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ।