ਕੇਂਦਰ ਸਰਕਾਰ ਚੰਡੀਗੜ੍ਹ ਰਾਜਧਾਨੀ 'ਤੇ ਪੰਜਾਬ ਦੇ ਦਾਅਵੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਚ : ਜਾਖੜ
ਕੇਂਦਰ ਸਰਕਾਰ ਚੰਡੀਗੜ੍ਹ ਰਾਜਧਾਨੀ 'ਤੇ ਪੰਜਾਬ ਦੇ ਦਾਅਵੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਚ : ਜਾਖੜ
ਚੰਡੀਗੜ੍ਹ, 25 ਫ਼ਰਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਰਾਜਧਾਨੀ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਰਵਈਏ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਹਨ | ਉਨ੍ਹਾਂ ਅੱਜ ਇਕ ਟਵੀਟ ਕਰ ਕੇ ਕਿਹਾ ਕਿ ਚੰਡੀਗੜ੍ਹ ਵਿਚ ਪੰਜਾਬ ਤੇ ਹਰਿਆਣਾ ਦੇ ਅਫ਼ਸਰਾਂ ਦੀ ਥਾਂ ਹੋਰ ਰਾਜਾਂ ਦੇ ਅਫ਼ਸਰ ਲਾਏ ਜਾ ਰਹੇ ਹਨ ਅਤੇ ਭਾਖੜਾ ਬੋਰਡ ਦੀ ਮੈਨੇਜਮੈਂਟ ਦੇ ਨਿਯਮਾਂ ਵਿਚ ਸੋਧ ਕਰ ਕੇ ਪੰਜਾਬ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ |
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੀ.ਸੀ.ਐਸ. ਤੇ ਐਚ.ਸੀ.ਐਸ. ਅਫ਼ਸਰਾਂ ਦੀ ਥਾਂ ਬਾਹਰੋਂ ਪਿਛਲੇ ਦਿਨੀਂ ਤਿੰਨ ਅਫ਼ਸਰ ਹੋਰ ਰਾਜਾਂ ਦੇ ਲਾਏ ਗਏ ਹਨ | ਭਾਖੜਾ ਬੋਰਡ ਦੇ ਨਿਯਮਾਂ ਵਿਚ ਸੋਧ ਕਰ ਕੇ ਪੰਜਾਬ ਦੇ ਮੈਂਬਰਾਂ ਨੂੰ ਮੈਨੇਜਮੈਂਟ ਵਿਚੋਂ
ਬਾਹਰ ਕਰਨ ਦਾ ਯਤਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਰਾਜਧਾਨੀ ਉਪਰ ਪੰਜਾਬ ਦੇ ਦਾਅਵੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ | ਉਨ੍ਹਾਂ ਸਮੂਹ ਸਿਆਸੀ ਦਲਾਂ ਨੂੰ ਵੀ ਅਪੀਲ ਕੀਤੀ ਕਿ ਰਾਜਨੀਤੀ ਤੋਂ ਉਪਰ ਉਠ ਕੇ ਪੰਜਾਬ ਦੇ ਹਿਤ ਵਿਚ ਮਿਲ ਕੇ ਆਵਾਜ਼ ਉਠਾਈ ਜਾਵੇ | ਜਾਖੜ ਨੇ ਅਪਣੇ ਟਵੀਟ ਵਿਚ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਸੁਖਦੇਵ ਸਿੰਘ ਢੀਂਡਸਾ, ਭਗਵੰਤ ਮਾਨ, ਸੁਖਬੀਰ ਬਾਦਲ ਨੂੰ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਰਵਈਏ ਵਿਰੁਧ ਇਕਜੁਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਚੋਣਾਂ ਦਾ ਕੰਮ ਖ਼ਤਮ ਹੋ ਚੁੱਕਾ ਹੈ ਅਤੇ ਪੰਜਾਬ ਲਈ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ |
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਦਿੱਲੀ,ਅੰਡੇਮਾਨ ਤੇ ਨਿਕੋਬਾਰ ਨਾਲ ਸਬੰਧਤ ਤਿੰਨ ਆਈ.ਏ.ਐਸ. ਅਫ਼ਸਰਾਂ ਨੂੰ ਚੰਡੀਗੜ੍ਹ ਵਿਚ ਨਿਯੁਕਤ ਕੀਤਾ ਹੈ | ਪਹਿਲਾਂ 60:40 ਦੇ ਤੈਅ ਫ਼ਾਰਮੂਲੇ ਅਨੁਸਾਰ ਪੰਜਾਬ ਤੇ ਹਰਿਆਣਾ ਵਿਚੋਂ ਹੀ ਚੰਡੀਗੜ੍ਹ ਵਿਚ ਆਈ.ਏ.ਐਸ ਪੀ.ਸੀ.ਐਸ ਤੇ ਐਚ.ਸੀ.ਐਚ ਅਫ਼ਸਰ ਡੈਪੂਟੇਸ਼ਨ 'ਤੇ ਨਿਯੁਕਤ ਕੀਤੇ ਜਾਂਦੇ ਹਨ ਅਤੇ ਪਹਿਲੀ ਵਾਰ ਬਾਹਰੋਂ ਅਫ਼ਸਰ ਲਾਏ ਗਏ ਹਨ |