NRI ਲਾੜੀ ਤੇ ਉਸ ਦੇ ਪਰਵਾਰ 'ਤੇ ਚੱਲੀਆਂ ਤਲਵਾਰਾਂ, ਲਾੜੀ ਸਣੇ ਤਿੰਨ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿਆਹਾਂ ‘ਚ ਖਰਚਾ ਭਰਪੂਰ ਹੁੰਦਾ ਅਤੇ ਇਸਦੇ ਜਸ਼ਨ ਹੋਰ ਵੀ ਜਿਆਦਾ ਰੰਗੀਨ ਅਤੇ ਸ਼ੋਰ ਸ਼ਰਾਬੇ ਵਾਲੇ ਹੁੰਦੇ ਹਨ। ਖ਼ਾਸ ਕਰ ਕੇ ਜਦ ਇਹ ਵਿਆਹ ਕਿਸੇ NRI ਦਾ ਹੋਵੇ..

Attack on Family

ਹੁਸ਼ਿਆਰਪੁਰ : ਪੰਜਾਬ ਦੇ ਵਿਆਹਾਂ ‘ਚ ਖਰਚਾ ਭਰਪੂਰ ਹੁੰਦਾ ਅਤੇ ਇਸਦੇ ਜਸ਼ਨ ਹੋਰ ਵੀ ਜਿਆਦਾ ਰੰਗੀਨ ਅਤੇ ਸ਼ੋਰ ਸ਼ਰਾਬੇ ਵਾਲੇ ਹੁੰਦੇ ਹਨ। ਖ਼ਾਸ ਕਰ ਕੇ ਜਦ ਇਹ ਵਿਆਹ ਕਿਸੇ NRI ਦਾ ਹੋਵੇ ਤਾਂ ਇਹ ਜਸ਼ਨ ਹੋਰ ਵੀ ਵੱਡੇ ਪੱਧਰ ‘ਤੇ ਮਨਾਏ ਜਾਂਦੇ ਹਨ। ਇਹ ਖੁਸ਼ੀਆਂ ਦੇ ਕਾਰਨ ਕਈ ਵਾਰ ਹੋਰਾਂ ਲਈ ਖਿੱਝ ਜਾਂ ਗੁੱਸੇ ਦੇ ਕਾਰਨ ਬਣ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਕੈਨੇਡੀਅਨ ਐਨਆਰਆਈ ਕੁੜੀ ਦੇ ਵਿਆਹ ਦੀ ਡੋਲੀ ਉੱਠਣ ਮੌਕੇ ਲਾੜੇ ਦੇ ਰਿਸ਼ਤੇਦਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵਿਆਹ ਵਾਲੀ ਕੁੜੀ ਸਮੇਤ 3 ਜਣੇ ਜ਼ਖ਼ਮੀ ਕਰ ਦਿੱਤੇ। ਮਿਲੀ ਜਾਣਕਾਰੀ ਦੌਰਾਨ ਹਮਲਾ ਕਰਨ ਵਾਲੇ ਵੀ ਕੈਨੇਡਾ ਦੇ ਐਨਆਰਆਈ ਸਨ। ਘਟਨਾ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਵਾਪਰੀ।

ਲਾੜੇ ਦਵਿੰਦਰ ਸਿੰਘ ਨੇ ਕਿਹਾ ਕਿ ਹਮਲਾ ਕਰਨ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਹੀ ਹਨ। ਹਮਲਾ ਕਰਨ ਵਾਲਿਆਂ ਨਾਲ ਉਨ੍ਹਾਂ ਦਾ ਕਈ ਸਾਲਾਂ ਤੋਂ ਜ਼ਮੀਨੀ ਝਗੜਾ ਚੱਲ ਰਿਹਾ ਹੈ। ਇਸ ਦੀ ਖੁੰਦਕ ਅੱਜ ਉਨ੍ਹਾਂ ਨੇ ਹਮਲਾ ਕਰਕੇ ਕੱਢੀ ਹੈ।

ਦਵਿੰਦਰ ਨੇ ਕਿਹਾ ਕਿ ਹਮਲੇ ਦੌਰਾਨ ਉਸ ਦੀ ਸੱਸ, ਪਤਨੀ ਤੇ ਦੋਵੇਂ ਸਾਲੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ। ਦਵਿੰਦਰ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਮਾਮਲਾ ਹੋਰ ਗਰਮ ਗਿਆ।

ਪੁਲਿਸ ਨੇ ਮੁਲਜ਼ਮਾਂ ਨੂੰ ਉਨ੍ਹਾਂ ਦੀ ਗੱਡੀ ‘ਚ ਬਿਠਾਇਆ ਸੀ, ਜਿੱਥੇ ਦਵਿੰਦਰ ਦੇ ਹਮਾਇਤੀਆਂ ਨੇ ਮੁਲਜ਼ਮਾਂ ‘ਤੇ ਪੁਲਿਸ ਦੀ ਹਿਰਾਸਤ ‘ਚ ਹੀ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦੋਵੇਂ ਐਨਆਰਆਈਜ਼ ਦੇ ਸੱਟਾਂ ਲੱਗੀਆਂ। ਮਜਬੂਰਨ ਪੁਲਿਸ ਨੂੰ ਕਾਬੂ ਪਾਉਣ ਲਈ ਹੋਰ ਫੋਰਸ ਮੰਗਵਾਉਣੀ ਪਈ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਝਗੜੇ ਦੀ ਨਵੀਂ ਕਹਾਣੀ ਬਣਾ ਦਿੱਤੀ। ਮੀਡੀਆ ਦੇ ਪੁੱਛਣ ‘ਤੇ ਪੁਲਿਸ ਕਰਮੀ ਨੇ ਕਿਹਾ ਕਿ ਉੱਚੀ ਆਵਾਜ਼ ‘ਚ ਵੱਜ ਰਹੇ ਡੀਜੇ ਨੂੰ ਲੈ ਕੇ ਝਗੜਾ ਹੋਇਆ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਦਵਿੰਦਰ ਨੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਦਾ ਕੋਈ ਕਸੂਰ ਨਹੀਂ ਜਿਨ੍ਹਾਂ ‘ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਹੈ।