ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ ਲਾਈ 'ਰੇਤ ਦੀ ਦੁਕਾਨ', ਕੀਤਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਬਾਹਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿਦੰਰ ਬੈਂਸ ਨੇ ਰੇਤ ਮਾਫੀਆ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿਤਾ।

Protest

ਮੋਹਾਲੀ : ਪੰਜਾਬ ਵਿਧਾਨ ਸਭਾ ਦੇ ਬਾਹਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿਦੰਰ ਬੈਂਸ ਨੇ ਰੇਤ ਮਾਫੀਆ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿਤਾ। ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ 'ਰਾਜਾ ਰੇਤ ਸਟੋਰ' ਦੇ ਨਾਂ ਤੋਂ ਦੁਕਾਨ ਲਾ ਲਈ। ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਆਟੇ ਨਾਲੋਂ ਰੇਤ ਮਹਿੰਗੀ ਹੋ ਗਈ ਹੈ।

ਲੋਕ ਇਨਸਾਫ ਪਾਰਟੀ ਨੇ ਕਿਹਾ ਕਿ ਰੇਤ ਮਹਿੰਗੀ ਹੋਣ ਕਰਕੇ ਉਸਾਰੀ ਦਾ ਕੰਮ ਨਹੀਂ ਹੋ ਰਿਹਾ ਤੇ ਲੇਬਰ ਵਿਹਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੈਲੀਕਾਪਟਰ ਰਾਹੀਂ ਮਾਰੀ ਗਈ ਰੇਡ ਤੋਂ ਪਹਿਲਾਂ ਰੇਤ ਸਸਤੀ ਸੀ ਅਤੇ ਹੁਣ ਮਹਿੰਗੀ ਕਿਉਂ ਹੋ ਗਈ। 

ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਜਾਰੀ ਹੈ। ਉਨ੍ਹਾਂ ਐਲਾਨ ਕੀਤਾ ਕਿ ਰੇਤ ਮਾਫੀਆ ਵਿਰੁਧ ਆਉਣ ਵਾਲੇ ਦਿਨਾਂ ਵਿਚ ਮੋਰਚੇ ਲਾਵਾਂਗੇ। ਰੇਤ ਮਾਫੀਆ ਖਿਲਾਫ ਜੇਲ੍ਹ ਵੀ ਜਾਵਾਂਗੇ।  ਪੰਜਾਬ ‘ਚ ਸਭ ਤੋਂ ਜ਼ਿਆਦਾ ਰੇਤ ਮਹਿੰਗੀ ਹੋਈ ਹੈ। ਉਨ੍ਹਾਂ ਕਿਹਾ ਕਿ 45 ਹਜ਼ਾਰ ਰੁਪਏ ਪ੍ਰਤੀ ਟਰੱਕ ਰੇਤ ਮਿਲ ਰਹੀ ਹੈ।

ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ‘ਚ ਰੇਤ ਮਾਲ ‘ਚ ਮਿਲਣੀ ਸ਼ੁਰੂ ਹੋ ਜਾਵੇਗੀ। ਬੈਂਸ ਭਰਾਵਾਂ ਨੇ ਵਿਧਾਨ ਸਭਾ ਬਾਹਰ ਰੇਤ ਦੇ ਬੋਰੇ ਰੱਖ ਲਏ ਅਤੇ ਇਕ ਬੋਰਡ 'ਤੇ ਵੱਖ-ਵੱਖ ਸ਼ਹਿਰਾਂ 'ਚ ਰੇਤ ਤੇ ਭਾਅ ਵੀ ਲਿਖ ਦਿੱਤੇ।