ਪੰਜਾਬੀ ਨੂੰ ਵਿਸਾਰ ਕੇ ਅਧਿਕਾਰੀਆਂ ਨੇ ਅੰਗਰੇਜ਼ੀ ਨੂੰ ਬਣਾਇਆ ਚੰਡੀਗੜ੍ਹ ਦੀ ਪਟਰਾਣੀ
ਯੂ.ਟੀ. ਪ੍ਰਸ਼ਾਸਨ 'ਚ ਤਾਇਨਾਤ ਅੰਗਰੇਜ਼ੀ ਦੇ ਮਾਹਰ ਉੱਚ ਅਧਿਕਾਰੀਆਂ ਅਤੇ ਕੇਂਦਰ ਵਿਚ ਪੰਜਾਬੀ ਵਿਰੋਧੀ ਰਾਜਸੀ ਨੇਤਾ ਪੰਜਾਬੀਆਂ ਦੀ ਰਾਜਧਾਨੀ ਚੰਡੀਗੜ੍ਹ ਵਿਚ..
ਚੰਡੀਗੜ੍ਹ, 10 ਅਗੱਸਤ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਨ 'ਚ ਤਾਇਨਾਤ ਅੰਗਰੇਜ਼ੀ ਦੇ ਮਾਹਰ ਉੱਚ ਅਧਿਕਾਰੀਆਂ ਅਤੇ ਕੇਂਦਰ ਵਿਚ ਪੰਜਾਬੀ ਵਿਰੋਧੀ ਰਾਜਸੀ ਨੇਤਾ ਪੰਜਾਬੀਆਂ ਦੀ ਰਾਜਧਾਨੀ ਚੰਡੀਗੜ੍ਹ ਵਿਚ ਮਾਂ-ਬੋਲੀ ਪੰਜਾਬੀ ਨੂੰ ਅਪਣੇ ਦਿਲੋਂ ਪੂਰੀ ਤਰ੍ਹਾਂ ਵਿਸਾਰਨ ਲਈ ਇਕੋ ਹੀ ਨਾਂਹ ਪੱਖੀ ਵਤੀਰਾ ਅਪਣਾਉਣ 'ਚ ਲੱਗੇ ਹੋਏ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ 'ਚ ਯੂ.ਟੀ. ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਵਿਚ ਸੰਸਦ ਮੈਂਬਰ ਕਿਰਨ ਖੇਰ ਨੇ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਸਮੇਤ ਸਲਾਹਕਾਰ ਸੰਮਤੀ ਦੀ ਮੀਟਿੰਗ ਬੁਲਾਈ ਸੀ ਜਿਸ ਵਿਚ ਸੰਜੇ ਟੰਡਨ ਸਮੇਤ ਸੀਨੀਅਰ ਉੱਚ ਅਧਿਕਾਰੀਆਂ ਵਲੋਂ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਵੱਲ ਧਿਆਨ ਦੁਆਇਆ ਸੀ। ਕੇਂਦਰੀ ਮੰਤਰੀ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਸਰਕਾਰੀ ਦਫ਼ਤਰਾਂ ਤੇ ਜਨਤਕ ਅਦਾਰਿਆਂ ਵਿਚ ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦੇ ਨਾਲ ਪੰਜਾਬੀ ਭਾਸ਼ਾ ਵਿਚ ਵੀ ਸਾਈਨ ਬੋਰਡ ਲਿਖਣ ਦੀਆਂ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਨਗਰ ਨਿਗਮ ਚੰਡੀਗੜ੍ਹ ਨੂੰ ਛੱਡ ਕੇ ਯੂ.ਟੀ. ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜਦਕਿ ਅੰਗਰੇਜ਼ੀ ਭਾਸ਼ਾ ਚੰਡੀਗੜ੍ਹ 'ਚ ਪਟਰਾਣੀ ਬਣੀ ਬੈਠੀ ਹੈ ਜੋ ਪੰਜਾਬ ਪੁਨਰਗਠਨ ਐਕਟ 1966 ਦੀ ਉਲੰਘਣਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਅਧੀਨ ਬੱਸ ਅੱਡਿਆਂ 'ਤੇ ਅੰਗਰੇਜ਼ੀ ਤੇ ਹਿੰਦੀ ਦੀ ਸਰਦਾਰੀ ਕਾਇਮ: ਪੰਜਾਬ ਅਤੇ ਹਰਿਆਣਾ ਦੋ ਗੁਆਂਢੀ ਪ੍ਰਦੇਸ਼ਾਂ ਦੀ ਰਾਜਧਾਨੀ ਚੰਡੀਗੜ੍ਹ ਦੇ ਦੋ ਪ੍ਰਮੁੱਖ ਬੱਸ ਅੱਡਿਆਂ 'ਤੇ ਰੋਜ਼ਾਨਾ 500 ਦੇ ਕਰੀਬ ਬਸਾਂ ਦੇ ਰੂਟ ਪੰਜਾਬ, ਹਰਿਆਣਾ ਤੇ ਦਿੱਲੀ ਵਲ ਚਲਦੇ ਹਨ ਜਿਥੇ ਯੂ.ਟੀ. ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵਲੋਂ ਪੰਜਾਬੀ ਤੇ ਘੱਟ ਪੜ੍ਹੇ ਲਿਖੇ ਲੋਕਾਂ ਦੀ ਸਹੂਲਤ ਲਈ ਕਾਊਂਟਰਾਂ 'ਤੇ ਕਿਧਰੇ ਵੀ ਪੰਜਾਬੀ ਵਿਚ ਸਾਈਨ ਬੋਰਡ ਨਹੀਂ ਲੱਗੇ ਹੋਏ ਜਦਕਿ ਅੰਗਰੇਜ਼ੀ ਅਤੇ ਹਿੰਦੀ 'ਚ ਪ੍ਰਸ਼ਾਸਨ ਵਲੋਂ ਬੜੇ ਘੋਟ ਕੇ ਲਿਖੇ ਦੂਰੋਂ ਹੀ ਪੜ੍ਹੇ ਜਾ ਸਕਦੇ ਹਨ। ਪੰਜਾਬ ਵਲ ਜਾਣ ਵਾਲੀਆਂ ਸਵਾਰੀਆਂ ਡਰਾਈਵਰਾਂ ਤੇ ਕੰਡਕਟਰਾਂ ਨੂੰ ਬਸਾਂ ਦੇ ਰੂਟਾਂ ਵਾਲੇ ਕਾਊਂਟਰਾਂ 'ਤੇ ਪੁਛਗਿਛ ਲਈ ਧੱਕੇ ਖਾਂਦੇ ਵੇਖੇ ਜਾ ਸਕਦੇ ਹਨ।
ਚੰਡੀਗੜ੍ਹ ਪੰਜਾਬੀ ਬਚਾਉ ਮੰਚ ਰਾਜਪਾਲ ਦਾ ਕਰੇਗਾ ਘਿਰਾਉ: ਚੰਡੀਗੜ੍ਹ ਪੰਜਾਬੀ ਬਚਾਉ ਮੰਚ ਦੇ ਪ੍ਰਧਾਨ ਦੇਵੀ ਦਿਆਲ ਸ਼ਰਮਾ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ ਜੋ ਪੰਜਾਬੀਆਂ ਦੀ ਰਾਜਧਾਨੀ ਵਿਚ ਪ੍ਰਸ਼ਾਸਨ ਵਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਵਿਰੁਧ ਆਵਾਜ਼ ਬੁਲੰਦ ਕਰਦੇ ਆ ਰਹੇ ਹਨ, ਨੇ ਕਿਹਾ ਕਿ ਉਨ੍ਹਾਂ ਵਲੋਂ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ 1 ਨਵੰਬਰ 1966 ਦੇ ਪੁਨਰਗਠਨ ਐਕਟ ਅਧੀਨ ਭਾਸ਼ਾਈ ਫ਼ਾਰਮੂਲੇ ਨੂੰ ਲਾਗੂ ਕਰਾਉਣ ਲਈ ਅਤੇ ਪੰਜਾਬੀ ਭਾਸ਼ਾ ਨੂੰ ਪਹਿਲੀ ਜਮਾਤ ਤੋਂ ਪੜ੍ਹਾਉਣ ਤੇ ਦਫ਼ਤਰਾਂ ਦੀ ਸਰਕਾਰੀ ਭਾਸ਼ਾ ਬਣਾਉਣ ਲਈ 1 ਨਵੰਬਰ 2017 ਨੂੰ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦਾ ਘਿਰਾਉ ਕੀਤਾ ਜਾਵੇਗਾ। ਉਨ੍ਹਾਂ ਨੂੰ ਕਈ ਲੇਖਕ ਸਭਾਵਾਂ, ਪੰਜਾਬੀ ਬੁਧੀਜੀਵੀ ਵਰਗ ਅਤੇ ਗੁਰਦਵਾਰਾ ਸਮੂਹ ਸੰਗਠਨ ਤੇ ਕਾਂਗਰਸ ਦਾ ਸਮਰਥਨ ਵੀ ਮਿਲ ਰਿਹਾ ਹੈ।
ਛੇਤੀ ਹੀ ਕਾਰਵਾਈ ਕਰਾਂਗੇ : ਤਲਵਾੜ : ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਅਤੇ ਸੀ.ਟੀ.ਯੂ. ਦੇ ਡਾਇਰੈਕਟਰ ਤੇ ਪੰਜਾਬ ਦੇ ਪੀ.ਸੀ.ਐਸ. ਅਧਿਕਾਰੀ ਅਮਿੱਤ ਤਲਵਾੜ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਤੇ ਪ੍ਰਸ਼ਾਸਨ ਵਲੋਂ ਪੰਜਾਬੀ ਭਾਸ਼ਾ 'ਚ ਬੱਸ ਅੱਡਿਆਂ 'ਤੇ ਸਾਈਨ ਬੋਰਡ ਲਿਖਣ ਲਈ ਕੋਈ ਲਿਖਤੀ ਹੁਕਮ ਨਹੀਂ ਆਇਆ। ਤਲਵਾੜ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਚੰਡੀਗੜ੍ਹ 'ਚ ਬੱਸ ਅੱਡਿਆਂ 'ਤੇ ਸਾਈਨ ਬੋਰਡ ਪੰਜਾਬੀ ਵਿਚ ਲਿਖਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਛੇਤੀ ਹੀ ਕਾਰਵਾਈ ਕਰਨਗੇ। ਬੱਸ ਅੱਡੇ ਤੇ ਹਰਿਆਣਾ ਦੇ ਸੀਨੀਅਰ ਮੈਨੇਜਰ ਸ਼ੇਰ ਸਿੰਘ ਨੇ ਕਿਹਾ ਉਨ੍ਹਾਂ ਵਲੋਂ ਵੀ ਅਪਣੇ ਵਿਭਾਗ ਨੂੰ ਪੱਤਰ ਲਿਖ ਕੇ ਪੰਜਾਬੀ ਵਿਚ ਵੀ ਸਾਈਨ ਬੋਰਡ ਲਿਖਣ ਦੀ ਮੰਗ ਕੀਤੀ ਗਈ ਹੈ।
ਭਾਰਤੀ ਜਨਤਾ ਪਾਰਟੀ ਦੇ ਮਾਰਕੀਟ ਕਮੇਟੀ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਨੇਤਾ ਜੋ ਦਿੱਲੀ ਵਿਚ ਕੇਂਦਰੀ ਮੰਤਰੀ ਰਾਜਨਾਥ ਨਾਲ 8 ਜੁਲਾਈ ਨੂੰ ਮੀਟਿੰਗ ਕਰਨ ਗਏ ਸਨ, ਨੇ ਕਿਹਾ ਕਿ ਉਨ੍ਹਾਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਸਲਾਹਕਾਰ ਨੂੰ ਮਿਲ ਕੇ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਜ਼ੋਰ ਦਿਤਾ ਹੈ।